ਜੰਡਿਆਲਾ ਗੁਰੂ: ਦੁਕਾਨ ’ਤੇ ਫਾਇਰਿੰਗ, ਲੜਕੀ ਜ਼ਖ਼ਮੀ
ਸਿਮਰਤਪਾਲ ਬੇਦੀ
ਜੰਡਿਆਲਾ ਗੁਰੂ, 3 ਮਈ
ਇਥੇ ਭੀੜ-ਭੜੱਕੇ ਵਾਲੇ ਬਾਜ਼ਾਰ ਦਰਸ਼ਨੀ ਦਰਵਾਜ਼ੇ ਦੇ ਬਾਹਰ ਮੋਟਰਸਾਈਕਲ ਸਵਾਰਾਂ ਨੇ ਬਾਅਦ ਦੁਪਹਿਰ ਲਗਪਗ ਤਿੰਨ ਵਜੇ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ’ਤੇ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਇੱਥੇ ਕੰਮ ਕਰਨ ਵਾਲੀ ਲੜਕੀ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਤਿੰਨ ਨਕਾਬਪੋਸ਼ਾਂ ਨੇ ਸਤਿਗੁਰ ਕੁਲੈਕਸ਼ਨ ਨਾਂ ਦੇ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਸ਼ੋਅਰੂਮ ਵਿੱਚ ਕੰਮ ਕਰਨ ਵਾਲੀ ਲੜਕੀ ਦੀ ਲੱਤ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਗੋਲੀ ਚੱਲਣ ਤੋਂ ਫੌਰੀ ਮਗਰੋਂ ਡੀਐੱਸਪੀ ਰਵਿੰਦਰ ਸਿੰਘ ਅਤੇ ਐੱਸਐੱਚਓ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਘਟਨਾ ਦੀ ਜਾਂਚ ਲਈ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ।
ਇਸ ਘਟਨਾ ਮਗਰੋਂ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਨੇ ਕਿਹਾ ਕਿ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਵਿਗੜ ਚੁੱਕੀ ਹੈ ਅਤੇ ਪ੍ਰਸ਼ਾਸਨ ਦਾ ਇਸ ਵੱਲ ਬਿਲਕੁਲ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਇਹੋ ਜਿਹੀਆਂ ਘਟਨਾਵਾਂ ਰੋਕੀਆਂ ਨਾ ਗਈਆਂ ਤਾਂ ਵਪਾਰੀ ਇੱਥੋਂ ਪਲਾਇਨ ਕਰਨਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਸ਼ਹਿਰ ਵਿੱਚ ਪੁਲੀਸ ਦੀ ਨਫਰੀ ਵਧਾਉਣ ਦੀ ਮੰਗ ਕੀਤੀ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਕੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕੀਤੀ ਜਾ ਸਕੇ।
ਢਾਬੇ ਦੇ ਬਾਹਰ ਗੋਲੀਆਂ ਚੱਲੀਆਂ, ਦੋ ਨੌਜਵਾਨ ਕਾਬੂ
ਪਟਿਆਲਾ (ਖੇਤਰੀ ਪ੍ਰਤੀਨਿਧ): ਇੱਥੇ ਪੋਲੋ ਗਰਾਊਂਡ ਨੇੜੇ ਨੌਜਵਾਨ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ ਤੇ ਫੇਰ ਉਹ ਆਪਣੇ ਸਾਥੀ ਸਣੇ ਸਕਾਰਪੀਓ ਗੱਡੀ ਰਾਹੀਂ ਫ਼ਰਾਰ ਹੋ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਥੇ ਢਾਬੇ ’ਚ ਰੋਟੀ ਖਾਧੀ। ਢਾਬੇ ਦੇ ਮਾਲਕ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਨਾਲ ਉਨ੍ਹਾਂ ਦਾ ਕੋਈ ਵਿਵਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਢਾਬੇ ’ਤੇ ਰੋਟੀ ਖਾ ਕੇ ਚਲੇ ਗਏ ਸਨ ਤੇ ਗੋਲੀ ਚੱਲਣ ਦੀ ਘਟਨਾ ਢਾਬੇ ਤੋਂ ਲਾਂਭੇ ਉਨ੍ਹਾਂ ਦੀ ਕਾਰ ਕੋਲ ਵਾਪਰੀ। ਉਧਰ, ਘਟਨਾ ਦੀ ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਕਾਰਵਾਈ ਕਰਦਿਆਂ ਘੰਟੇ ਵਿੱਚ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ। ਇਸ ਦੀ ਪੁਸ਼ਟੀ ਕਰਦਿਆਂ ਐੱਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਦਾ ਕਹਿਣਾ ਸੀ ਕਿ ਇੱਕ ਵਿਅਕਤੀ ਪਟਿਆਲਾ ਤੇ ਦੂਜਾ ਬਰਨਾਲਾ ਦਾ ਰਹਿਣ ਵਾਲਾ ਹੈ। ਗੋਲੀ ਚਲਾਉਣ ਦੇ ਮਾਮਲੇ ਨੂੰ ਲੈ ਕੇ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।