ਪੰਨੂ ਵੱਲੋਂ ਸਿੱਖ ਫੌ਼ਜੀਆਂ ਨੂੰ ਪਾਕਿਸਤਾਨ ਖ਼ਿਲਾਫ਼ ਹਥਿਆਰ ਨਾ ਚੁੱਕਣ ਦਾ ਸੱਦਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਮਈ
ਵਿਦੇਸ਼ ’ਚ ਰਹਿ ਕੇ ‘ਖਾਲਿਸਤਾਨ’ ਪੱਖੀ ਸਰਗਰਮੀਆਂ ਚਲਾ ਰਹੇ ਸਿੱਖ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਵੱਲੋਂ ਹੁਣ ਖੁਦ ਫੋਨ ਕਰਕੇ ਸਿੱਖ ਫੌਜੀਆਂ ਨੂੰ ਪਾਕਿਸਤਾਨ ਖ਼ਿਲਾਫ਼ ਹਥਿਆਰ ਨਾ ਚੁੱਕਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਭਾਰਤੀ ਨੰਬਰ ਤੋਂ ਲੋਕਾਂ ਨੂੰ ਆ ਰਹੀਆਂ ਕਾਲਾਂ ਤੋਂ ਪੰਨੂ ਭਾਰਤ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਵੀ ਆਖ ਰਿਹਾ ਹੈ। ਉਹ ਕੇਂਦਰ ਸਰਕਾਰ ਦੀ ਕਿਸਾਨਾਂ ਖਿਲਾਫ਼ ਕਾਰਵਾਈ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਭੰਡ ਰਿਹਾ ਹੈ। ਪਹਿਲਾਂ ਵੀ ਕਈ ਵਾਰ ਸੁਣੀ ਜਾ ਚੁੱਕੀ ਆਵਾਜ਼ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਗੁਰਪਤਵੰਤ ਸਿੰਘ ਪੰਨੂ ਦੀ ਹੀ ਹੈ। ਪਿਛਲੇ ਦਿਨੀਂ ਜਾਰੀ ਵੀਡੀਓ ਫੁਟੇਜ ਸਣੇ ਵੀਡੀਓ ਸੰਦੇਸ਼ ਵਿੱਚ ਪੰਨੂ ਵੱਲੋਂ ਪਟਿਆਲਾ ਵਿਚਲੇ ਆਰਮੀ ਕੈਂਟ ਖੇਤਰ ’ਚ ਖਾਲਿਸਤਾਨ ਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਦਰਸਾਏ ਗਏ ਸਨ, ਪਰ ਪੁਲੀਸ ਤੇ ਖੁਫੀਆ ਏਜੰਸੀਆਂ ਨੇ ਅਜਿਹੇ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ। ਪਹਿਲਾਂ ਵੀ ਪੁਲੀਸ ਨੇ ਪੰਨੂ ਦੀ ਉਹ ਵੀਡੀਓ ਨੂੰ ਭੁਲੇਖਾਪਾਊ ਕਰਾਰ ਦਿੱਤਾ ਸੀ, ਜਿਸ ’ਚ ਰਾਜਪੁਰਾ ਦੇ ਰੇਲਵੇ ਸਟੇਸ਼ਨ ’ਤੇ ਭਾਰਤੀ ਸੰਵਿਧਾਨ ਦੀ ਕਾਪੀ ਸਾੜੀ ਦਰਸਾਈ ਗਈ ਸੀ।