ਪੁਲੀਸ ਮੁਲਾਜ਼ਮ ਹੀ ਨਿਕਲਿਆ ਟਰਾਲੀ ਚੋਰ
ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ 28 ਮਾਰਚ
ਕਿਸਾਨੀ ਮੰਗਾਂ ਦੀ ਪੂਰਤੀ ਲਈ ਐੱਸਕੇਐੱਮ ਗ਼ੈਰਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਅਤੇ ਢਾਬੀਗੁੱੱਜਰਾਂ ਬਾਰਡਰਾਂ ’ਤੇ ਤੇਰਾਂ ਮਹੀਨੇ ਚੱਲੇ ਕਿਸਾਨ ਮੋਰਚਿਆਂ ਨੂੰ ਭਾਵੇਂ 19 ਮਾਰਚ ਨੂੰ ਖਦੇੜ ਦਿੱਤਾ ਗਿਆ ਸੀ ਪਰ ਉਨ੍ਹਾਂ ਦਾ ਸਾਮਾਨ ਇੱਥੇ ਹੀ ਰਹਿ ਗਿਆ ਸੀ, ਜੋ ਪੁਲੀਸ ਵੱਲੋਂ ਸੜਕੀ ਰਸਤਾ ਚਾਲੂ ਕਰਨ ਲਈ ਲਾਂਭੇ ਖੁੱਲ੍ਹੇ ਅਸਮਾਨ ਹੇਠਾਂ ਰੱਖ ਦਿੱਤਾ ਗਿਆ ਸੀ। ਇਸ ਵਿਚੋਂ ਕਾਫ਼ੀ ਸਮਾਨ ਗਾਇਬ ਪਾਇਆ ਗਿਆ ਹੈ। ਇੱਥੋਂ ਤੱਕ ਕਿ ਲੱਖਾਂ ਦੇ ਮੁੱਲ ਦੀਆਂ ਟਰੈਕਟਰ ਟਰਾਲੀਆਂ ਵੀ ਗਾਇਬ ਹਨ, ਜਿਨ੍ਹਾਂ ਵਿਚੋਂ ਖਾਸ ਕਰਕੇ ਸ਼ੰਭੂ ਬਾਰਡਰ ਤੋਂ ਗਾਇਬ ਹੋਈਆਂ ਬਹੁਤੀਆਂ ਟਰਾਲੀਆਂ ਤਾਂ ਮਿਲ ਗਈਆਂ ਹਨ ਪਰ ਅੱਜ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਢਾਬੀਗੁੱਜਰਾਂ ਬਾਰਡਰ ਤੋਂ ਇੱਕ ਪੁਲੀਸ ਮੁਲਾਜ਼ਮ ’ਤੇ ਹੀ ਕਿਸਾਨ ਦੀ ਟਰਾਲੀ ਲਿਜਾਣ ਦੇ ਦੋਸ਼ ਲੱਗੇ ਹਨ, ਜਿਸ ’ਤੇ ਪਾਤੜਾਂ ਥਾਣੇ ’ਚ ਬਾਕਾਇਦਾ ਐਫਆਈਆਰ ਨੰਬਰ 49 ਦੇ ਤਹਿਤ ਚੋਰੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਇਸ ਦੀ ਢਾਬੀਗੁੱਜਰਾਂ ਬਾਰਡਰ ’ਤੇ ਚੱਲੀ ਮੁਹਿੰਮ ਦੀ ਅਗਵਾਈ ਕਰਦੇ ਰਹੇ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਹਿਲ ਨੇ ਪੁਸ਼ਟੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਸਾਰੇ ਸਾਜ਼ੋ-ਸਾਮਾਨ ਦਾ ਰਿਕਾਰਡ ਬਣਾ ਕੇ ਰੱਖਿਆ ਹੋਇਆ ਸੀ ਜਿਸ ਤਹਿਤ ਟਰੈਕਟਰ ਟਰਾਲੀਆਂ ਵੀ ਸਬੰਧਤ ਮਾਲਕ ਦੇ ਆਧਾਰ ਕਾਰਡ ਵਿਖਾ ਕੇ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇਸ ਦੌਰਾਨ ਹੀ 20 ਮਾਰਚ ਨੂੰ ਇੱਕ ਪੁਲੀਸ ਮੁਲਾਜ਼ਮ ਜੋ ਆਪਣੀ ਸਾਰੀ ਸ਼ਨਾਖਤ ਦੇ ਕੇ ਗਿਆ ਸੀ, ਇੱਕ ਟਰਾਲੀ ਲੈ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਭਾਵੇਂ 24 ਮਾਰਚ ਨੂੰ ਇਹੀ ਟਰਾਲੀ ਉਹ ਵਾਪਸ ਵੀ ਕਰ ਗਏ ਸਨ ਪਰ ਇਸ ਦੇ ਬਾਵਜੂਦ ਇਸ ਪੁਲੀਸ ਮੁਲਾਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾਵੇਗੀ।