ਪਾਠਕਾਂ ਦੇ ਖ਼ਤ
ਔਰਤਾਂ ਨਾਲ ਵਿਹਾਰ
17 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਕੰਵਲਜੀਤ ਕੌਰ ਗਿੱਲ ਨੇ ਆਪਣੇ ਲੇਖ ‘ਔਰਤਾਂ ਦੇ ਸੰਵੇਦਨਸ਼ੀਲ ਮਾਮਲੇ ਅਤੇ ਨਿਆਂਪਾਲਿਕਾ’ ਵਿੱਚ ਨਿਆਂਪਾਲਿਕਾ ਦੇ ਜੱਜਾਂ ਦੀ ਔਰਤਾਂ ਪ੍ਰਤੀ ਛੋਟੀ ਅਤੇ ਨਫ਼ਰਤ ਭਰੀ ਸੋਚ ਨੂੰ ਵਧੀਆ ਢੰਗ ਨਾਲ ਬਿਆਨ ਕੀਤਾ ਹੈ। ਮਰਦ ਪ੍ਰਧਾਨ ਸਮਾਜ ਦੀ ਇਹ ਸੋਚ ਅੱਜ ਦੀ ਨਹੀਂ ਸਗੋਂ ਸਦੀਆਂ ਤੋਂ ਔਰਤਾਂ ਨਾਲ ਇਸੇ ਤਰ੍ਹਾਂ ਦਾ ਵਿਹਾਰ ਹੋ ਰਿਹਾ ਹੈ। ਅਜੇ ਵੀ ਕੋਈ ਜ਼ਿਆਦਾ ਫ਼ਰਕ ਨਹੀਂ ਪਿਆ ਤੇ ਓਨੀ ਦੇਰ ਤੱਕ ਕੋਈ ਫ਼ਰਕ ਪੈਣਾ ਵੀ ਮੁਸ਼ਕਿਲ ਲੱਗਦਾ ਹੈ ਜਦੋਂ ਤੱਕ ਮਾਵਾਂ ਆਪਣੇ ਘਰ ਤੋਂ ਹੀ ਮਰਦ-ਔਰਤ ਬਰਾਬਰੀ ਦੀ ਗੁੜ੍ਹਤੀ ਆਪਣੇ ਪੁੱਤਰਾਂ ਨੂੰ ਨਹੀਂ ਦਿੰਦੀਆਂ। ਜੱਜ ਵੀ ਤਾਂ ਕਿਸੇ ਮਾਂ ਦੇ ਪੁੱਤਰ ਹਨ। ਉਨ੍ਹਾਂ ਦਾ ਵਤੀਰਾ ਉਸੇ ਤਰ੍ਹਾਂ ਦਾ ਹੋਵੇਗਾ ਜਿਸ ਤਰ੍ਹਾਂ ਦੇ ਸੰਸਕਾਰ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਅਤੇ ਪਰਿਵਾਰ ਵਿੱਚੋਂ ਮਿਲੇ ਹੋਣਗੇ। ਜਿੱਥੋਂ ਤੱਕ ਅਲਾਹਾਬਾਦ ਹਾਈਕੋਰਟ ਦੇ ਜੱਜ ਜਸਟਿਸ ਮਿਸ਼ਰਾ ਦੀਆਂ ਨਿੱਕੀ ਜਿਹੀ ਬੱਚੀ ਦੇ ਕੇਸ ਵਿੱਚ ਅਸੰਵੇਦਨਸ਼ੀਲ ਟਿੱਪਣੀਆਂ ਦਾ ਸਵਾਲ ਹੈ, ਜਿੰਨੀ ਨਿੰਦਾ ਕੀਤੀ ਜਾਵੇ, ਥੋੜ੍ਹੀ ਹੈ। ਇਸੇ ਦਿਨ ਇਸੇ ਪੰਨੇ ’ਤੇ ਡਾ. ਇਕਬਾਲ ਸਿੰਘ ਸਕਰੌਦੀ ਦਾ ਮਿਡਲ ‘ਪਰੌਂਠੇ ਵਾਲਾ ਪੇਪਰ’ ਮਜ਼ੇਦਾਰ ਲੱਗਿਆ। ਇੰਝ ਲੱਗਿਆ ਜਿਵੇਂ ਮੁੜ ਬਚਪਨ ਵਿੱਚ ਆ ਗਏ ਹੋਈਏ। ਪਟਿਆਲਾ/ਸੰਗਰੂਰ ਪੰਨੇ ’ਤੇ ਖ਼ਬਰ ‘ਬੀਂਬੜ ਵਿੱਚ ਭਾਈਚਾਰਕ ਸਾਂਝ ਦੀ ਮਿਸਾਲ’ ਬਹੁਤ ਪ੍ਰੇਰਨਾਦਾਇਕ ਹੈ।
ਡਾ. ਤਰਲੋਚਨ ਕੌਰ, ਪਟਿਆਲਾ
ਮਹਿੰਗਾਈ ਦੀ ਮਾਰ
18 ਅਪਰੈਲ ਨੂੰ ਨਜ਼ਰੀਆ ਪੰਨੇ ਉੱਤੇ ਸ ਸ ਛੀਨਾ ਦਾ ਲੇਖ ‘ਕੀ ਮਹਿੰਗਾਈ ਰੋਕੀ ਜਾ ਸਕਦੀ ਹੈ?’ ਪੜ੍ਹਿਆ। ਲੇਖ ਅੱਖਾਂ ਖੋਲ੍ਹਣ ਵਾਲਾ ਹੈ। ਲੇਖਕ ਨੇ ਆਪਣੇ ਲੇਖ ਵਿੱਚ ਉਹ ਸਾਰੇ ਪੱਖ ਚਰਚਾ ਅਧੀਨ ਲਿਆਂਦੇ ਹਨ ਜਿਨ੍ਹਾਂ ਉੱਤੇ ਚੱਲ ਕੇ ਸਰਕਾਰਾਂ ਮਹਿੰਗਾਈ ਕੰਟਰੋਲ ਕਰਨ ਵਾਲੇ ਪਾਸੇ ਤੁਰ ਸਕਦੀਆਂ ਹਨ ਪਰ ਮਸਲਾ ਵਿੱਚੋਂ ਇਹ ਹੈ ਕਿ ਮਹਿੰਗਾਈ ਦਾ ਮੁੱਦਾ ਤਾਂ ਸਰਕਾਰਾਂ ਦੇ ਏਜੰਡਾ ਉੱਤੇ ਹੀ ਨਹੀਂ ਹੈ। ਸਰਕਾਰ ਤਾਂ ਛੱਡੋ, ਵਿਰੋਧੀ ਧਿਰ ਨੇ ਵੀ ਮਹਿੰਗਾਈ ਨੂੰ ਕਦੀ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਇਸ ਬਾਰੇ ਕਦੀ ਕੋਈ ਸਰਗਰਮੀ ਹੀ ਕੀਤੀ ਹੈ। ਇਸ ਲਈ ਹੁਣ ਲੋਕਾਂ ਨੂੰ ਖ਼ੁਦ ਇਸ ਮਸਲੇ ਨੂੰ ਵੱਡੇ ਪੱਧਰ ’ਤੇ ਉਠਾਉਣ ਲਈ ਸਰਗਰਮੀ ਵਿੱਢਣੀ ਚਾਹੀਦੀ ਹੈ।
ਕਿਰਪਾਲ ਸਿੰਘ, ਬਠਿੰਡਾ
ਗ਼ੈਰ-ਜਮਹੂਰੀ ਬਿਆਨ
18 ਅਪਰੈਲ ਦੇ ਮੁੱਖ ਸਫ਼ੇ ’ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦਾ ਗ਼ੈਰ-ਜਮਹੂਰੀ ਬਿਆਨ ‘ਨਿਆਂਪਾਲਿਕਾ ਭਾਰਤ ਦੇ ਰਾਸ਼ਟਰਪਤੀ ਨੂੰ ਨਿਰਦੇਸ਼ ਨਹੀਂ ਦੇ ਸਕਦੀ’ ਪੜ੍ਹ ਕੇ ਅਫਸੋਸ ਹੋਇਆ। ਇਹ ਸਿੱਧਾ-ਸਿੱਧਾ ਉੱਚ ਨਿਆਂਪਾਲਿਕਾ ਨੂੰ ਦਬਾਉਣ ਦੀ ਨੀਤੀ ਹੈ ਅਤੇ ਭਾਰਤੀ ਸੰਵਿਧਾਨ, ਜਮਹੂਰੀਅਤ ਤੇ ਸਮੁੱਚੀ ਨਿਆਂ ਪ੍ਰਣਾਲੀ ਉੱਤੇ ਗ਼ੈਰ-ਸੰਵਿਧਾਨਕ ਹਮਲਾ ਹੈ। ਉਪ ਰਾਸ਼ਟਰਪਤੀ ਨੂੰ ਇਸ ਅਹੁਦੇ ’ਤੇ ਰਹਿ ਕੇ ਅਜਿਹਾ ਬਿਆਨ ਦੇਣਾ ਸੋਭਾ ਨਹੀਂ ਦਿੰਦਾ। ਇਹ ਠੀਕ ਹੈ ਕਿ ਰਾਸ਼ਟਰਪਤੀ ਦੇਸ਼ ਦਾ ਸਭ ਤੋਂ ਅਹਿਮ ਨਾਗਰਿਕ ਹੁੰਦਾ ਹੈ ਪਰ ਉਹ ਸੰਵਿਧਾਨ ਤੋਂ ਉੱਪਰ ਨਹੀਂ ਹੋ ਸਕਦਾ। 9 ਅਪਰੈਲ ਦੇ ਅੰਕ ’ਚ ਡਾ. ਲਾਭ ਸਿੰਘ ਖੀਵਾ ਨੇ ਲੇਖਕ ਅਤੇ ਵਿਦਵਾਨ ਪ੍ਰੋ. ਹਰਜਿੰਦਰ ਸਿੰਘ ਅਟਵਾਲ ਦੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਥੋੜ੍ਹੇ ਸ਼ਬਦਾਂ ਵਿੱਚ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਹ ਬਹੁਤ ਹੀ ਸ਼ਾਂਤ ਚਿੱਤ ਸੁਭਾਅ ਦੇ, ਹਰੇਕ ਨੂੰ ਪਿਆਰ ਕਰਨ ਵਾਲੇ ਮਿਲਣਸਾਰ ਵਿਅਕਤੀ ਸਨ ਅਤੇ ਲੰਮੇ ਸਮੇਂ ਤੋਂ ਕਈ ਸਾਹਿਤਕ ਸੰਸਥਾਵਾਂ ਵਿੱਚ ਅਹਿਮ ਅਹੁਦਿਆਂ ’ਤੇ ਜ਼ਿੰਮੇਵਾਰੀ ਨਿਭਾਅ ਰਹੇ ਸਨ।
ਸੁਮੀਤ ਸਿੰਘ, ਅੰਮ੍ਰਿਤਸਰ
ਬਿਜਲੀ ਚੋਰੀ
17 ਅਪਰੈਲ ਦਾ ਸੰਪਾਦਕੀ ‘ਬਿਜਲੀ ਚੋਰੀ’ ਪੜ੍ਹਿਆ। ਵਾਕਿਆ ਹੀ ਬਿਜਲੀ ਚੋਰੀ ਚਿੰਤਾ ਦਾ ਵਿਸ਼ਾ ਹੈ, ਜੋ ਹੁਣ ਹੱਦਾਂ-ਬੰਨੇ ਟੱਪ ਚੁੱਕੀ ਹੈ। ਇਹ ਖ਼ੁਦ ਕਮਾਊ ਅਦਾਰਾ ਹੋਣ ਦੇ ਬਾਵਜੂਦ ਅੱਜ ਕਰੋੜਾਂ ਦਾ ਨੁਕਸਾਨ ਝੱਲ ਰਿਹਾ ਹੈ। ਦੂਜੇ ਪਾਸੇ, ਕਈ ਪਾਸਿਓਂ ਰਹਿੰਦੇ ਬਕਾਇਆਂ ਦੀ ਭਰਪਾਈ ਵੀ ਨਹੀਂ ਹੋ ਰਹੀ। ਸਾਨੂੰ ਕੁਦਰਤੀ ਸਰੋਤਾਂ ਵਾਂਗ ਬਿਜਲੀ ਦੀ ਖ਼ਪਤ ਦੇ ਮਾਮਲੇ ਵਿੱਚ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਬਿਜਲੀ ਬਿਨਾਂ ਸਾਡਾ ਜੀਵਨ ਅਧੂਰਾ ਹੈ।
ਸਨੇਹਇੰਦਰ ਮੀਲੂ ‘ਫਰੌਰ’, ਈਮੇਲ
ਮਾਂ ਦਾ ਵਿਸ਼ਵਾਸ
17 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਡਾ. ਇਕਬਾਲ ਸਿੰਘ ਸਕਰੌਦੀ ਦਾ ਲੇਖ ‘ਪਰੌਂਠੇ ਵਾਲਾ ਪੇਪਰ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਅਜੋਕੇ ਯੁੱਗ ਵਿੱਚ ਵੀ ਮਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਜੇ ਉਸ ਦਾ ਪੁੱਤਰ ਦਹੀਂ ਮੂੰਹ ਲਾ ਕੇ ਪੇਪਰ ਦੇਣ ਜਾਵੇਗਾ ਤਾਂ ਉਸ ਦਾ ਪੇਪਰ ਬਹੁਤ ਵਧੀਆ ਹੋਵੇਗਾ। ਉਸ ਮਾਂ ਨੂੰ ਇਹ ਵੀ ਯਕੀਨ ਹੈ ਕਿ ਇਹ ਸ਼ਗਨ ਪਹਿਲੇ ਦਿਨ ਜ਼ਰੂਰੀ ਹੈ ਪਰ ਅਸਲੀਅਤ ਕੁਝ ਹੋਰ ਹੀ ਹੈ। ਵਿਗਿਆਨਕ ਪੱਖ ਇਹ ਕਹਿੰਦਾ ਹੈ ਕਿ ਜਦੋਂ ਅਸੀਂ ਦਹੀਂ ਖਾ ਕੇ ਪੇਪਰ ਦੇਣ ਜਾਂਦੇ ਹਾਂ ਤਾਂ ਪ੍ਰੀਖਿਆ ਹਾਲ ਵਿੱਚ ਜਾ ਕੇ ਸਾਨੂੰ ਸੁਸਤੀ ਨਹੀਂ ਪੈਂਦੀ ਤੇ ਸਾਡਾ ਦਿਮਾਗ ਚੁਸਤ ਤੇ ਤਰੋ-ਤਾਜ਼ਾ ਰਹਿੰਦਾ ਹੈ ਤੇ ਅਸੀਂ ਪੇਪਰ ਵਧੀਆ ਕਰ ਕੇ ਘਰ ਪਰਤਦੇ ਹਾਂ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਸਮੇਂ ਦਾ ਅਸਰ
14 ਅਪਰੈਲ ਡਾ. ਅਵਤਾਰ ਸਿੰਘ ਪਤੰਗ ਦਾ ਲੇਖ ‘ਸਮੇਂ ਨੇ ਇੱਕ ਨਾ ਮੰਨੀ’ ਪੜ੍ਹਿਆ। ਹਰ ਵਸਤੂ ਜੋ ਇਸ ਸੰਸਾਰ ’ਚ ਆਪਣੀ ਹੋਂਦ ਰੱਖਦੀ ਹੈ, ਉੱਤੇ ਸਮੇਂ ਦਾ ਅਸਰ ਦੇਖਣ ਨੂੰ ਜ਼ਰੂਰ ਮਿਲਦਾ ਹੈ। ਸਮੇਂ ਨੂੰ ਰੋਕਣਾ ਅਸੰਭਵ ਹੈ। ਵਿਦਵਾਨਾਂ ਨੇ ਵੀ ਸਮੇਂ ਨੂੰ ਬਹੁਤ ਮਹੱਤਵਪੂਰਨ ਦੱਸਿਆ ਹੈ। ਆਉਣ ਵਾਲਾ ਦੌਰ ਤਕਨਾਲੋਜੀ ਅਤੇ ਮਸਨੂਈ ਬੌਧਿਕਤਾ ਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤਕਨਾਲੋਜੀ ਨੇ ਸਾਡੇ ਰੋਜ਼ਮੱਰਾ ਕੰਮਕਾਜ ਨੂੰ ਸੁਖਾਲਾ ਕੀਤਾ ਹੈ, ਇਸ ਨਾਲ ਸਮੇਂ ਦੀ ਵੀ ਬੱਚਤ ਹੁੰਦੀ ਹੈ ਪਰ ਮਸਨੂਈ ਬੌਧਿਕਤਾ ਦਾ ਯੁੱਗ ਮਨੁੱਖ ਦੀ ਬੌਧਿਕ ਯੋਗਤਾ/ਵਿਵੇਕ ਵਿੱਚ ਨਿਘਾਰ ਲਿਆ ਸਕਦਾ ਹੈ। ਇਸ ਦੇ ਘਾਤਕ ਅਸਰ ਆਉਣ ਵਾਲੀਆਂ ਪੀੜ੍ਹੀਆਂ ’ਤੇ ਪੈ ਸਕਦੇ ਹਨ ਜਿਵੇਂ ਮੋਬਾਈਲ ਫੋਨ ਕ੍ਰਾਂਤੀ ਤੋਂ ਪਹਿਲਾਂ ਬੰਦੇ ਆਪਣੇ ਆਲੇ-ਦੁਆਲੇ ਬਾਰੇ ਵੱਧ ਸੰਵੇਦਨਸ਼ੀਲ ਹੁੰਦੇ ਸਨ। ਲੋਕਾਂ ਕੋਲ ਕਹਿਣ-ਸੁਣਨ ਨੂੰ ਗੱਲਾਂਬਾਤਾਂ ਹੁੰਦੀਆਂ ਸਨ। ਪਤਾ ਨਹੀਂ, ਉਹ ਸਮਾਂ ਕਿੱਧਰ ਗੁਆਚ ਗਿਆ?
ਸੁਖਪਾਲ ਕੌਰ, ਚੰਡੀਗੜ੍ਹ