ਪਾਠਕਾਂ ਦੇ ਖ਼ਤ
ਸੂਬਿਆਂ ਦੇ ਹੱਕ
17 ਅਪਰੈਲ ਵਾਲੇ ਸੰਪਾਦਕੀ ‘ਸੂਬਿਆਂ ਦੇ ਹੱਕਾਂ ਦਾ ਮੁੱਦਾ’ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਦੁਆਰਾ ਸੂਬਿਆਂ ਦੇ ਅਧਿਕਾਰਾਂ ਬਾਰੇ ਕਾਇਮ ਉੱਚ ਪੱਧਰੀ ਕਮੇਟੀ ਬਾਰੇ ਟਿੱਪਣੀ ਹੈ। ਭਾਰਤ ਫੈਡਰਲ ਮੁਲਕ ਹੈ ਪਰ ਪਿਛਲੇ ਕੁਝ ਸਮੇਂ ਤੋਂ ਸੂਬਿਆਂ ਦੇ ਵੱਧ ਅਧਿਕਾਰ ਦੀ ਮੰਗ ਨੂੰ ਵੱਖਵਾਦੀ ਸੋਚ ਵਜੋਂ ਦੇਖਿਆ ਜਾ ਰਿਹਾ ਹੈ। ਮੁਲਕ ਲਗਾਤਾਰ ਕੇਂਦਰੀਕਰਨ ਵੱਲ ਵਧ ਰਿਹਾ ਹੈ। ਜਿਨ੍ਹਾਂ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੈ, ਉੱਥੇ ਡਬਲ ਇੰਜਣ ਸਰਕਾਰ ਕਹਿ ਕੇ ਵਡਿਆਇਆ ਜਾਂਦਾ ਹੈ, ਇਹ ਸਭ ਕੁਝ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ। ਸਾਡੇ ਸੰਵਿਧਾਨ ਘਾੜਿਆਂ ਨੇ ਕੇਂਦਰੀਕਰਨ ਦੀ ਬਜਾਇ ਵਿਕੇਂਦਰੀਕਰਨ ਦੀ ਨੀਤੀ ਅਪਣਾਈ ਸੀ ਤਾਂ ਜੋ ਕੇਂਦਰ ਸਰਕਾਰ ਆਪਣੀ ਮਨਮਰਜ਼ੀ ਨਾ ਕਰ ਸਕੇ। ਲੋੜ ਹੈ ਸੂਬਿਆਂ ਨੂੰ ਵੱਧ ਅਧਿਕਾਰ ਦੇ ਕੇ ਉਨ੍ਹਾਂ ਨੂੰ ਖ਼ੁਦਮੁਖਤਾਰ ਬਣਾਇਆ ਜਾਵੇ।
ਚਮਕੌਰ ਸਿੰਘ ਬਾਘੇਵਾਲੀਆ, ਈਮੇਲ
ਔਰਤਾਂ ਦੇ ਸੰਵੇਦਨਸ਼ੀਲ ਮਾਮਲੇ
17 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਕੰਵਲਜੀਤ ਕੌਰ ਗਿੱਲ ਦੇ ਲੇਖ ‘ਔਰਤਾਂ ਦੇ ਸੰਵੇਦਨਸ਼ੀਲ ਮਾਮਲੇ ਅਤੇ ਨਿਆਂਪਾਲਿਕਾ’ ਵਿੱਚ ਔਰਤਾਂ ਦੇ ਸ਼ੋਸ਼ਣ, ਵਿਸ਼ੇਸ਼ ਕਰ ਕੇ ਸਰੀਰਕ ਸ਼ੋਸ਼ਣ ਅਤੇ ਅਲਾਹਾਬਾਦ ਹਾਈਕੋਰਟ ਦੇ ਜਸਟਿਸ ਮਿਸ਼ਰਾ ਦੇ ਫ਼ੈਸਲੇ ਨੂੰ ਆਧਾਰ ਬਣਾ ਕੇ ਔਰਤ ਨਾਲ ਹੋਣ ਵਾਲੇ ਅਨਿਆਂ ਦਾ ਵਰਣਨ ਕੀਤਾ ਗਿਆ ਹੈ। ਗਹੁ ਨਾਲ ਦੇਖਿਆ ਜਾਵੇ ਤਾਂ ਇਹ ਅਨਿਆਂ ਜਸਟਿਸ ਮਿਸ਼ਰਾ ਦਾ ਨਿੱਜੀ ਫ਼ੈਸਲਾ ਹੈ ਜਿਸ ਨੂੰ ਕਾਨੂੰਨ ਦੀ ਵਿਆਖਿਆ ਨਹੀਂ ਆਖਿਆ ਜਾ ਸਕਦਾ। ਸੁਪਰੀਮ ਕੋਰਟ ਨੂੰ ਇਸ ਫ਼ੈਸਲੇ ਨੂੰ ਮਨੁੱਖੀ ਅਧਿਕਾਰਾਂ ਨਾਲ ਅਨਿਆਂ ਦੀ ਮਿਸਾਲ ਕਹਿੰਦਿਆਂ ਖ਼ਾਰਜ ਕਰਨ ਦੇ ਨਾਲ-ਨਾਲ ਜਸਟਿਸ ਮਿਸ਼ਰਾ ਦਾ ਮਨੋਵਿਗਿਆਨਕ ਇਲਾਜ ਕਰਾਉਣ ਲਈ ਕਿਹਾ ਜਾਣਾ ਬਣਦਾ ਸੀ। ਲੇਖ ਵਿੱਚ ਕੁਝ ਹੋਰਨਾਂ ਤੱਥਾਂ ਦੀ ਵੀ ਘੋਖ ਕਰਨੀ ਬਣਦੀ ਹੈ। ਲੇਖ ਵਿੱਚ ਦਰਜ ਹੈ ਕਿ ‘ਆਮ ਤੌਰ ’ਤੇ ਅਜਿਹੇ ਕੇਸ ਰਿਪੋਰਟ ਹੀ ਨਹੀਂ ਹੁੰਦੇ। ਜੇ ਕੋਈ ਔਰਤ ਹੌਸਲਾ ਕਰ ਕੇ ਥਾਣੇ ਰਿਪੋਰਟ ਦਰਜ ਕਰਾਉਣ ਜਾਂਦੀ ਹੈ ਤਾਂ ਉਸ ਨੂੰ ਅਨੇਕ ਬੇਹੂਦਾ ਸਵਾਲਾਂ ਅਤੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ, ਖ਼ਾਸ ਕਰ ਕੇ ਜਦੋਂ ਔਰਤ ਦਾ ਸਬੰਧ ਕਿਸੇ ਗ਼ਰੀਬ ਤਬਕੇ, ਅਨੁਸੂਚਿਤ ਜਾਤੀ, ਜਨਜਾਤੀ ਜਾ ਘੱਟਗਿਣਤੀ ਭਾਈਚਾਰੇ ਨਾਲ ਹੋਵੇ’। ਹਕੀਕਤ ਇਹ ਹੈ ਕਿ ਅਨੁਸੂਚਿਤ ਜਾਤੀ, ਜਨਜਾਤੀ, ਗ਼ਰੀਬ ਤਬਕੇ ਦੀ ਔਰਤ ਦਾ ਤਾਂ ਵਜੂਦ ਹੀ ਕੋਈ ਨਹੀਂ ਹੁੰਦਾ; ਜਿੱਥੇ ਉਹ ਕੰਮ ਕਰਦੀਆਂ ਹਨ, ਉੱਥੇ ਮਾਲਕ ਅਕਸਰ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਅਜਿਹੇ ਥਾਵਾਂ ’ਤੇ ਔਰਤ ਦਾ ਥਾਣੇ ਰਿਪੋਰਟ ਦਰਜ ਕਰਾਉਣ ਜਾਣ ਬਾਰੇ ਤਾਂ ਸੋਚਿਆ ਹੀ ਨਹੀਂ ਜਾ ਸਕਦਾ। ਅਸਲ ਵਿੱਚ ਜ਼ੋਰਾਵਰਾਂ ਦਾ ਤਾਂ ਅਜੇ ਵੀ ਸੱਤੀਂ ਵੀਹੀਂ ਸੌ ਹੀ ਹੁੰਦਾ ਹੈ।
ਗੁਰਦੀਪ ਢੁੱਡੀ, ਫ਼ਰੀਦਕੋਟ
(2)
17 ਅਪਰੈਲ ਦੇ ਅੰਕ ਵਿੱਚ ਕੰਵਲਜੀਤ ਕੌਰ ਗਿੱਲ ਦਾ ਲੇਖ ‘ਔਰਤਾਂ ਦੇ ਸੰਵੇਦਨਸ਼ੀਲ ਮਾਮਲੇ ਅਤੇ ਨਿਆਂਪਾਲਿਕਾ’ ਪੜ੍ਹਿਆ। ਲੇਖਕਾ ਨੇ ਅਪਰਾਧ ਸ਼ਾਖਾ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਔਰਤਾਂ ਵਿਰੁੱਧ ਜ਼ੁਲਮ ਵਧ ਰਹੇ ਹਨ। ਨਿਆਂਪਾਲਿਕਾ ਦਾ ਔਰਤ ਨੂੰ ਨਿਰਵਸਤਰ ਕਰਨਾ, ਛੇੜਛਾੜ ਕਰਨਾ ਜਾਂ ਗਿਆਰਾਂ ਸਾਲ ਦੀ ਬੱਚੀ ਨੂੰ ਪੁਲੀ ਹੇਠ ਲਿਜਾਣ ਨੂੰ ਬਲਾਤਕਾਰ ਦੀ ਸੀਮਾ ਤੋਂ ਉਰੇ ਸਮਝਣਾ ਕਿੰਨਾ ਹਾਸੋ-ਹੀਣਾ ਹੈ। ਬਲਾਤਕਾਰੀ ਬਾਬਿਆਂ ਨੂੰ ਵਾਰ-ਵਾਰ ਪੈਰੋਲ ਦੇਣਾ ਜਾਂ ਆਜ਼ਾਦ ਕਰ ਦੇਣਾ (15 ਅਗਸਤ 2022) ਬਹੁਤ ਸ਼ਰਮਨਾਕ ਕਾਰਵਾਈ ਹੈ। ਇਨਸਾਫ਼ ਪਸੰਦ ਲੋਕਾਂ ਅਤੇ ਬੁੱਧੀਜੀਵੀਆਂ ਨੂੰ ਔਰਤਾਂ ਉੱਤੇ ਹੋ ਰਹੇ ਜ਼ੁਲਮਾਂ ਵਿਰੁੱਧ ਡਟਣਾ ਚਾਹੀਦਾ ਹੈ।
ਸਾਗਰ ਸਿੰਘ ਸਾਗਰ, ਬਰਨਾਲਾ
ਫ਼ਿਰਕੂ ਮੰਤਵ
16 ਅਪਰੈਲ ਦੇ ਅੰਕ ਵਿੱਚ ਸ਼ੀਰੀਂ ਦਾ ਲੇਖ ‘ਫ਼ਿਰਕੂ ਮੰਤਵਾਂ ਤੋਂ ਪ੍ਰੇਰਿਤ ਵਕਫ਼ ਸੋਧ ਕਾਨੂੰਨ’ ਪੜ੍ਹਿਆ। ਜਦੋਂ ਤੱਕ ਆਮ ਨਾਗਰਿਕ ਆਪਣੀ ਅੰਤਰ-ਆਤਮਾ ਨੂੰ ਨਹੀਂ ਜਗਾਉਂਦਾ ਅਤੇ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਨੂੰ ਨਹੀਂ ਸਮਝਦਾ, ਤਦ ਤਕ ਰਾਜਨੀਤਕ ਪਾਰਟੀਆਂ ਅਜਿਹੀਆਂ ਹਰਕਤਾਂ ਕਰਦੀਆਂ ਰਹਿਣਗੀਆਂ ਅਤੇ ਆਪਣਾ ਵੋਟ ਬੈਂਕ ਪੱਕਾ ਕਰਦੀਆਂ ਰਹਿਣਗੀਆਂ। 15 ਅਪਰੈਲ ਦੇ ਅੰਕ ਵਿੱਚ ਡਾ. ਅਰੁਣ ਮਿਤਰਾ ਦਾ ਲੇਖ ‘ਪੰਜਾਬ ਦੇ ਅਰਥਚਾਰੇ ਲਈ ਬਦਲਵੀਂ ਨੀਤੀ ਦੀ ਲੋੜ’ ਪੜ੍ਹਿਆ। ਲੇਖਕ ਨੇ ਤਕਰੀਬਨ ਸਾਰੇ ਤੱਥਾਂ ਬਾਰੇ ਜਾਣਕਾਰੀ ਦਿੱਤੀ ਹੈ। ਸਾਰੀਆਂ ਸਿਆਸੀ ਪਾਰਟੀਆਂ ਦਾ ਧਿਆਨ ਵੋਟਾਂ ਵਿੱਚ ਹੁੰਦਾ ਹੈ, ਨਾ ਕਿ ਸੂਬੇ ਦੀ ਭਲਾਈ ਵਿੱਚ। ਇਸ ਬਾਰੇ ਸਾਰੇ ਨਾਗਰਿਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਅਸੀਂ ਆਪਣੀ ਵੋਟ ਸਿਆਸੀ ਪਾਰਟੀਆਂ ਵੱਲੋਂ ਵੰਡੀਆਂ ਜਾ ਰਹੀਆਂ ਮੁਫ਼ਤ ਰਿਓੜੀਆਂ ਦੇ ਆਧਾਰ ’ਤੇ ਨਾ ਦੇਈਏ ਸਗੋਂ ਜੋ ਪਾਰਟੀ ਸੂਬੇ ਦੀ ਤਰੱਕੀ ਬਾਰੇ ਸੋਚਦੀ ਹੈ, ਵੋਟ ਉਸ ਨੂੰ ਦਿੱਤੀ ਜਾਵੇ। ਇਉਂ ਸੂਬੇ ਦੀ ਤਰੱਕੀ ਲਈ ਰਾਹ ਆਪਣੇ ਆਪ ਖੁੱਲ੍ਹ ਜਾਵੇਗਾ। ਕੀ ਸਾਰੀਆਂ ਇਸਤਰੀਆਂ ਨੂੰ ਮੁਫ਼ਤ ਯਾਤਰਾ ਕਰਨ ਦੀ ਸਹੂਲਤ ਦੇਣ ਦੀ ਜ਼ਰੂਰਤ ਹੈ? ਕੀ ਸਭ ਨੂੰ 300 ਯੂਨਿਟ ਮੁਫ਼ਤ ਦੇਣ ਦੀ ਜ਼ਰੂਰਤ ਹੈ? ਕੀ ਸਾਰੇ ਕਿਸਾਨਾਂ ਨੂੰ ਮੋਟਰਾਂ ਲਈ ਮੁਫ਼ਤ ਬਿਜਲੀ ਦੀ ਜ਼ਰੂਰਤ ਹੈ? ਅਜਿਹੇ ਸਵਾਲਾਂ ਬਾਰੇ ਸਹੀ ਪਹੁੰਚ ਅਪਣਾ ਕੇ ਹੀ ਸੂਬੇ ਨੂੰ ਤਰੱਕੀ ਦੀ ਪਟੜੀ ’ਤੇ ਚਾੜ੍ਹਿਆ ਜਾ ਸਕਦਾ ਹੈ।
ਬਿੱਕਰ ਸਿੰਘ ਮਾਨ, ਬਠਿੰਡਾ
ਇੱਕ ਪੈਸੇ ਦੀ ਵਸੂਲੀ
16 ਅਪਰੈਲ ਵਾਲਾ ਮਿਡਲ ‘ਮਾਇਆ ਨਗਰੀ ’ਚੋਂ ਵਾਪਸੀ’ ਬੜਾ ਦਿਲਚਸਪ ਹੈ। ਇੱਕ ਪੈਸਾ ਵਸੂਲ ਕਰਨ ਲਈ 10 ਪੈਸੇ ਦੀ ਟਿਕਟ ਵਾਲਾ ਲਿਫਾਫ਼ਾ ਡਾਕ ਰਾਹੀਂ ਭੇਜਿਆ ਗਿਆ। ਇਸ ਤੋਂ ਇਲਾਵਾ ਜੋ ਦਫ਼ਤਰੀ ਕਵਾਇਦ ਹੋਈ, ਉਹ ਵੱਖਰੀ। ਅਜਿਹਾ ਸ਼ਾਇਦ ਆਪਣੇ ਮੁਲਕ ਦੇ ਦਫ਼ਤਰਾਂ ਵਿੱਚ ਹੀ ਹੁੰਦਾ ਹੋਵੇਗਾ।
ਗੁਰਮੇਲ ਸਿੰਘ, ਪਠਾਨਕੋਟ
ਸਰੀਰ ਅਤੇ ਸਿਹਤ
15 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਸੰਜੀਵ ਕੁਮਾਰ ਸ਼ਰਮਾ ਦਾ ਲੇਖ ‘ਨਾਨਕ ਕਿਛੁ ਸੁਣੀਐ ਕਿਛੁ ਕਹੀਐ’ ਵਾਰ-ਵਾਰ ਪੜ੍ਹਨ ਵਾਲਾ ਹੈ। ਦੇਖਿਆ ਜਾਵੇ ਤਾਂ ਸਰੀਰ ਹੀ ਮਨੁੱਖ ਦਾ ਅਸਲੀ ਅਤੇ ਜ਼ਿੰਦਗੀ ਦੇ ਅਖ਼ੀਰ ਤੱਕ ਸਾਥ ਨਿਭਾਉਣ ਵਾਲਾ ਦੋਸਤ ਹੈ। ਯੋਗ ਕਰਨ ਵੇਲੇ ਸਰੀਰ ਦੇ ਹਰੇਕ ਅੰਗ ਨੂੰ ਮਨ ਹੀ ਮਨ ਵਿੱਚ ਕੱਸਣ ਅਤੇ ਢਿੱਲਾ ਛੱਡਣ ਵੇਲੇ ਮਹਿਸੂਸ ਹੁੰਦਾ ਹੈ ਜਿਵੇਂ ਅੰਗ ਸਾਡਾ ਕਹਿਣਾ ਮੰਨ ਰਹੇ ਹੋਣ। ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦੇ ਕੌੜੇ ਘੁੱਟ ਭਰ ਕੇ, ਧੱਕੇ ਨਾਲ ਖਾਣ ਵਾਲੇ ਲੋਕ ਆਪਣੇ ਸਰੀਰ ਨਾਲ ਦੁਸ਼ਮਣੀ ਪਾ ਰਹੇ ਹੁੰਦੇ ਹਨ। ਸਕਾਰਾਤਮਕ ਵਿਚਾਰ ਮਨ ਤੇ ਸਰੀਰ ਨੂੰ ਤੰਦਰੁਸਤ ਬਣਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ; ਨਕਾਰਾਤਮਕ ਵਿਚਾਰ ਸ਼ਾਂਤ ਮਨ ’ਚ ਉਥਲ ਪੁਥਲ ਮਚਾਉਣ ਵਿੱਚ ਦੇਰੀ ਨਹੀਂ ਲਗਾਉਂਦੇ। 8 ਅਪਰੈਲ ਦੇ ਸੰਪਾਦਕੀ ‘ਪੰਜਾਬ ਦਾ ਸੁੰਗੜਦਾ ਪਸ਼ੂਧਨ’ ਵਿੱਚ ਸਹੀ ਲਿਖਿਆ ਹੈ ਕਿ ਦੁਧਾਰੂ ਪਸ਼ੂਆਂ ਦੀ ਗਿਣਤੀ ਘਟਣ ਦੇ ਬਾਵਜੂਦ ਦੁੱਧ ਦੀ ਪੈਦਾਵਾਰ ਅਤੇ ਸਪਲਾਈ ਦੇ ਨਾ ਘਟਣ ਤੋਂ ਸਪਸ਼ਟ ਹੈ ਕਿ ਨਕਲੀ ਦੁੱਧ ਦੀ ਪੈਦਾਵਾਰ ਵਧ ਗਈ ਹੈ। ਨਕਲੀ ਦੁੱਧ ਹੀ ਨਹੀਂ ਸਗੋਂ ਨਕਲੀ ਪਨੀਰ ਤੇ ਖੋਏ ਨਾਲ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਲਈ ਨਕਲੀ ਦੁੱਧ ਦੀ ਵਿਕਰੀ ਨੂੰ ਨਸ਼ਿਆਂ ਦੀ ਵਿਕਰੀ ਨਾਲੋਂ ਵੱਧ ਸਖ਼ਤੀ ਨਾਲ ਰੋਕਣ ਦੀ ਲੋੜ ਹੈ।
ਸੋਹਣ ਲਾਲ ਗੁਪਤਾ, ਪਟਿਆਲਾ