ਪਾਠਕਾਂ ਦੇ ਖ਼ਤ
ਪਾਣੀ ਦੀ ਕਦਰ
7 ਅਪਰੈਲ ਨੂੰ ਸਤਰੰਗ ਪੰਨੇ ’ਤੇ ਹਰਿੰਦਰ ਸਿੰਘ ਗੋਗਨਾ ਦੀ ਰਚਨਾ ‘ਪਾਣੀ ਦੀ ਕਦਰ’ ਪੜ੍ਹੀ। ਲੇਖਕ ਨੇ ਸਾਦੇ ਅਤੇ ਸਰਲ ਤਰੀਕੇ ਨਾਲ ਪਾਣੀ ਦੀ ਬੱਚਤ ਅਤੇ ਇਸ ਦੇ ਮਹੱਤਵ ਬਾਰੇ ਬੱਚਿਆਂ ਰਾਹੀਂ ਸਾਨੂੰ ਸਭ ਨੂੰ ਸਿੱਖਿਆ ਦਿੱਤੀ ਹੈ। ਅਸੀਂ ਰੋਜ਼ਾਨਾ ਪਾਣੀ ਦੀ ਵਰਤੋਂ ਦੇ ਨਾਲ-ਨਾਲ ਦੁਰਵਰਤੋਂ ਜ਼ਿਆਦਾ ਕਰਦੇ ਹਾਂ। ਛੋਟੇ ਬੱਚੇ ਰਮਨ ਦਾ ਆਪਣੇ ਸਹਿਪਾਠੀ ਬਬਲੂ ਨੂੰ ਵਾਰ-ਵਾਰ ਸਮਝਾਉਣਾ ਅਤੇ ਉਸ ਨੂੰ ਪਾਣੀ ਦੀ ਕਦਰ ਕਰਨ ਵਾਸਤੇ ਪ੍ਰੇਰਨਾ ਰੌਚਿਕ ਹੈ। 22 ਮਾਰਚ ਦੇ ਅੰਕ ਵਿੱਚ ਗੁਰਦੀਪ ਢੁੱਡੀ ਦਾ ਮਿਡਲ ‘ਹੁਣ ਤਾਂ ਹੱਸ ਪੈ’ ਪੜ੍ਹ ਕੇ ਸਚਮੁੱਚ ਸਿੱਖਿਆ ਦੇ ਖੇਤਰ ਨੂੰ ਸਮਰਪਿਤ ਅਧਿਆਪਨ ਦੇ ਕਿੱਤੇ ਨਾਲ ਜੁੜੇ ਲੋਕਾਂ ਪ੍ਰਤੀ ਸਿਰ ਝੁਕਦਾ ਹੈ। ਸਿੱਖਿਆ ਖੇਤਰ ਨੂੰ ਸਮਰਪਿਤ ਅਤੇ ਦੋਸਤਾਂ ਮਿੱਤਰਾਂ ਤੋਂ ਸੁਣਿਆ ਹੈ ਕਿ ਬਹੁਤੇ ਸਟੇਟ ਐਵਾਰਡੀ ਜੁਗਾੜੀ ਹੁੰਦੇ। ਮਿਹਰ ਸਿੰਘ ਸੰਧੂ ਵਰਗੀਆਂ ਟਾਵੀਆਂ ਮਿਸਾਲੀ ਸ਼ਖ਼ਸੀਅਤਾਂ ਹੁੰਦੀਆਂ ਜਿਨ੍ਹਾਂ ਨੂੰ ਯੋਗ ਪ੍ਰਤਿਭਾ ਅਨੁਸਾਰ ਮਾਣ-ਸਨਮਾਨ ਹਾਸਿਲ ਹੁੰਦਾ ਹੈ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਸਵੈਮਾਣ ’ਤੇ ਸੱਟ
9 ਅਪਰੈਲ ਦਾ ਸੰਪਾਦਕੀ ‘ਜੌੜਾਮਾਜਰਾ ਦੀ ਕ੍ਰਾਂਤੀ’ ਵਧੀਆ ਲੱਗਿਆ। ਜ਼ੁਬਾਨ ਸਿਰਫ਼ ਗਿਆਨ ਇੰਦਰੀ ਹੀ ਨਹੀਂ, ਕਰਮ ਇੰਦਰੀ ਵੀ ਹੈ; ਇਹ ਵੀ ਜ਼ਰੂਰੀ ਨਹੀਂ ਕਿ ਜ਼ੁਬਾਨ ਦਾ ਸਹੀ ਇਸਤੇਮਾਲ ਕਰਨਾ ਵਡੇਰੀ ਉਮਰ ਜਾਂ ਵੱਡੇ ਅਹੁਦੇ ਨਾਲ ਆ ਹੀ ਜਾਵੇ ਪਰ ਇਹ ਗੱਲ ਪੱਕੀ ਹੈ ਕਿ ਬੰਦਾ ਜਿੰਨੀ ਵੱਧ ਬੌਧਿਕ ਸਮਝ ਦਾ ਹੋਵੇਗਾ, ਉਸ ਦਾ ਓਨਾ ਹੀ ਆਪਣੀ ਜ਼ੁਬਾਨ ਜਾਂ ਸ਼ਬਦਾਂ ’ਤੇ ਕੰਟਰੋਲ ਹੋਵੇਗਾ। ਰਾਜਨੀਤੀ ਦੀ ਕੁਰਸੀ ’ਤੇ ਬਿਰਾਜਮਾਨ ਹੋਣ ਦਾ ਮਤਲਬ ਇਹ ਨਹੀਂ ਕਿ ਕਿਸੇ ਵੀ ਆਮ ਬੰਦੇ ਜਾਂ ਛੋਟੇ ਅਹੁਦੇਦਾਰ ਦੇ ਸਵੈਮਾਣ ’ਤੇ ਜਨਤਕ ਤੌਰ ’ਤੇ ਸੱਟ ਮਾਰਨ ਦਾ ਅਧਿਕਾਰ ਮਿਲ ਗਿਆ ਹੈ। ਸਕੂਲ ਵਿੱਚ ‘ਆਪ’ ਆਗੂ ਚੇਤਨ ਸਿੰਘ ਜੌੜਾਮਾਜਰਾ ਦਾ ਮਕਸਦ ਬੱਚਿਆਂ ਅਤੇ ਅਧਿਆਪਕਾਂ ਦੀ ਵਧੀਆ ਕਾਰਗੁਜ਼ਾਰੀ ’ਤੇ ਹੌਸਲਾ-ਅਫਜ਼ਾਈ ਕਰਨਾ ਸੀ ਜਾਂ ਆਪਣੀ ਅਤੇ ਆਪਣੀ ਪਾਰਟੀ ਲਈ ਤਾੜੀਆਂ ਦੀ ਗੂੰਜ ਸੁਣਨਾ ਸੀ?
ਸੁਖਪਾਲ ਕੌਰ, ਚੰਡੀਗੜ੍ਹ
ਨਕਲੀ ਦੁੱਧ
8 ਅਪਰੈਲ ਦੇ ਸੰਪਾਦਕੀ ‘ਪੰਜਾਬ ਦਾ ਸੁੰਗੜਦਾ ਪਸ਼ੂਧਨ’ ਵਿੱਚ ਪੰਜਾਬ ਵਿੱਚ ਪਸ਼ੂਧਨ ਦੀ ਵੱਡੇ ਪੱਧਰ ’ਤੇ ਆ ਰਹੀ ਕਮੀ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ। ਦੁੱਧ ਦੀ ਮੰਗ ਪੂਰਾ ਕਰਨ ਲਈ ਕੁਦਰਤੀ ਹੈ ਕਿ ਇਸ ਦਾ ਬਦਲ ਨਕਲੀ ਦੁੱਧ ਤਿਆਰ ਕਰਨਾ ਹੋਵੇਗਾ। ਪਸ਼ੂਧਨ ਖ਼ਤਮ ਹੋਣ ਤੋਂ ਬਚਣ ਦਾ ਬਦਲ ਦੀ ਰਾਜ ਸਰਕਾਰ ਵੱਲੋਂ ਦੁੱਧ ਉਤਪਾਦਨ ਨੂੰ ਸਰਕਾਰੀ ਤੌਰ ’ਤੇ ਉਦਯੋਗਕ ਅਤੇ ਆਧੁਨਿਕ ਤੌਰ ’ਤੇ ਲੈਣਾ ਹੋ ਸਕਦਾ ਹੈ। 3 ਅਪਰੈਲ ਦੇ ਮਿਡਲ ‘ਭੂਰੇ ਨੇ ਪੁਆਈਆਂ ਭਾਜੜਾਂ’ (ਲੇਖਕ ਕੁਲਦੀਪ ਧਨੌਲਾ) ਵਿੱਚ ਔਰਤ ਨੂੰ ਟਿੱਚਰ ਕਰਨ ਵਾਲਾ ਅਤੇ ਉਸ ਔਰਤ ਦੇ ਗੁੱਸੇ ਹੋਣ ਬਦਲੇ ਉਸ ਨੂੰ ਕਹੀ ਮਾਰਨ ਵਾਲਾ ਵਿਚਾਰਾ ਅਤੇ ਦਰਵੇਸ਼ ਕਿਵੇਂ ਹੋਇਆ? 13 ਮਾਰਚ ਨੂੰ ਸੁਰਿੰਦਰ ਅਤੈ ਸਿੰਘ ਦੇ ਮਿਡਲ ‘ਝੋਲਿਆਂ ਦੀ ਹੱਟੀ’ ਵਿੱਚ ਝੋਲਿਆਂ ਦੀ ਮਹੱਤਤਾ ਦੱਸੀ ਗਈ ਹੈ। ਇਨ੍ਹਾਂ ਦੇ ਬਦਲ ਕੈਰੀ ਬੈਗ ਦੇ ਨਾਮ ਨਾਲ ਜਾਣੇ ਜਾਂਦੇ ਪਲਾਸਟਿਕ ਲਿਫਾਫੇ ਆਉਣ ਕਾਰਨ ਇਨ੍ਹਾਂ ਦਾ ਰੁਝਾਨ ਇੰਨਾ ਵਧਿਆ ਕਿ ਰੂੜੀਆਂ ’ਤੇ ਇਹ ਲਿਫਾਫੇ ਹੀ ਪਏ ਦਿਸਦੇ ਹਨ। ਝੋਲੇ ਦਰੀ ਦੇ ਵੀ ਹੁੰਦੇ ਸਨ ਜੋ ਸ਼ਾਇਦ ਲੇਖਕਾ ਨੇ ਦੇਖੇ ਨਹੀਂ ਹੋਣਗੇ; ਤਾਂ ਹੀ ਦਰੀ ਝੋਲਿਆਂ ਦਾ ਵਰਨਣ ਨਹੀਂ ਕੀਤਾ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਰੂਹਾਂ ਦਾ ਮੇਲ
8 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਸ਼ਿਵੰਦਰ ਕੌਰ ਦਾ ਮਿਡਲ ‘ਰੂਹਾਂ ਦਾ ਮੇਲ’ ਪੜ੍ਹਿਆ ਜੋ ਹਕੀਕਤ ਬਿਆਨ ਕਰਦਾ ਹੈ। ਵਿਆਹ ਸਮੇਂ ਕੁੜੀ ਨੂੰ ਦਿੱਤੇ ‘ਤੋਹਫ਼ੇ’ ਕਦੋਂ ਸਮਾਜਿਕ ‘ਕਲੰਕ’ ਬਣ ਗਏ, ਪਤਾ ਹੀ ਨਹੀਂ ਲੱਗਿਆ। ਜਿੱਥੇ ਆਧੁਨਿਕ ਤਕਨੀਕ ਚਰਖੇ ਤੋਂ ਲੈ ਕੇ ਪੂਰੀ ਵਿਰਾਸਤੀ ਅਤੇ ਸੱਭਿਆਚਾਰਕ ਹੋਂਦ ਨੂੰ ਖਾ ਗਈ, ਉੱਥੇ ਪੱਛਮੀ ਸੱਭਿਆਚਾਰ ਅਤੇ ਉਸ ਦੇ ਰਿਵਾਜ਼ਾਂ ਨੇ ਨੌਜਵਾਨਾਂ ਨੂੰ ਪਦਾਰਥਵਾਦੀ ਅਤੇ ਦਿਖਾਵੇ ਕਰਨ ਵਾਲੇ ਬਣਾ ਦਿੱਤਾ। ਹੁਣ ਵਿਆਹ ਰੂਹਾਂ ਦਾ ਮੇਲ ਨਹੀਂ, ਸਗੋਂ ਵਪਾਰ ਹੋ ਗਿਆ ਹੈ। ਦਾਜ ਦੇ ਲੋਭੀਆਂ ਅਤੇ ਵੱਡੇ ਪੈਲੇਸਾਂ ਵਿੱਚ ਝੂਠੇ ਦੁਨਿਆਵੀ ਦਿਖਾਵੇ ਨੇ ਕੁੜੀਆਂ ਨੂੰ ਮਾਂ ਦੀ ਕੁੱਖ ਤੋਂ ਲੈ ਕੇ ਤਾਹਨੇ-ਮਿਹਣੇ ਸਹਿੰਦੀਆਂ ਹੋਈਆਂ ਨੂੰ ਖੁਦਕੁਸ਼ੀਆਂ ਤੱਕ ਲੈ ਕੇ ਜਾਣ ਵਿੱਚ ਕਸਰ ਨਹੀਂ ਛੱਡੀ। ਲੋੜ ਹੈ ਕੁੜੀਆਂ ਨੂੰ ਪੜ੍ਹਾ ਲਿਖਾ ਕੇ ਯੋਗ ਬਣਾਉਣ ਦੀ ਅਤੇ ਹਕੀਕਤ ਨੂੰ ਪਛਾਨਣ ਦੀ ਤਾਂ ਜੋ ਵਿਆਹ ਸਮਾਜਿਕ ਬੰਧਨ ਰਹੇ, ‘ਸਮਝੌਤਾ’ ਨਹੀਂ।
ਅਕਬਰ ਫ਼ੌਜੀ ਸਕਰੌਦੀ, ਸੰਗਰੂਰ
ਜਾਇਦਾਦ ਦੇ ਵੇਰਵੇ
5 ਅਪਰੈਲ ਵਾਲਾ ਸੰਪਾਦਕੀ ‘ਜੱਜਾਂ ਦੀ ਸੰਪਤੀ’ ਪੜ੍ਹਿਆ। ਨਿਆਂ ਪ੍ਰਣਾਲੀ ’ਚ ਲੋਕਾਂ ਦਾ ਵਿਸ਼ਵਾਸ ਪੱਕਾ ਕਰਨ ਲਈ ਸਾਰੇ ਜੱਜਾਂ ਦੀ ਜਾਇਦਾਦ ਦੇ ਵੇਰਵੇ ਜਨਤਕ ਹੋਣੇ ਹੀ ਚਾਹੀਦੇ ਹਨ। ਜਿੰਨੀ ਵੱਡੀ ਗਿਣਤੀ ਵਿੱਚ ਜੱਜ ਦੇ ਘਰੋਂ ਨੋਟ ਮਿਲੇ ਹਨ, ਸ਼ੱਕ ਪੈਦਾ ਕਰਦੇ ਹਨ। ਸਾਰੇ ਰਾਜਨੀਤਕ ਦਲਾਂ ਦੇ ਨੇਤਾਵਾਂ ਨੂੰ ਵੀ ਆਪਣੀ ਜਾਇਦਾਦ ਦੇ ਵੇਰਵੇ ਜਨਤਕ ਕਰਨੇ ਚਾਹੀਦੇ ਹਨ। ਇਹ ਕਿਵੇਂ ਦੋ ਚਾਰ ਸਾਲ ਵਿੱਚ ਹੀ ਕਰੋੜਾਂ ਦੇ ਮਾਲਕ ਬਣ ਜਾਂਦੇ ਹਨ। ਅਧਿਕਾਰੀ ਵੀ ਕੁਝ ਹੀ ਸਾਲਾਂ ਵਿੱਚ ਕਰੋੜਾਂ ਦੀ ਜਾਇਦਾਦ ਬਣਾ ਲੈਂਦੇ ਹਨ। ਬਹੁਤ ਵੱਡੇ ਸਵਾਲ ਹਨ, ਲੋਕ ਜਿਨ੍ਹਾਂ ਦਾ ਜਵਾਬ ਮੰਗਦੇ ਹਨ।
ਰਤਨ ਸਿੰਘ, ਈਮੇਲ
ਪਾਣੀ ਦਾ ਪੱਧਰ
5 ਅਪਰੈਲ ਨੂੰ ਕਾਹਨ ਸਿੰਘ ਪਨੂੰ ਨੇ ਆਪਣੇ ਲੇਖ ‘ਪਾਣੀ ਦਾ ਡਿੱਗਦਾ ਪੱਧਰ ਖ਼ਤਰੇ ਦੀ ਘੰਟੀ’ ਵਿੱਚ ਅੰਕੜਿਆਂ ਸਹਿਤ ਪੰਜਾਬ ਵਿਚਲੇ ਜ਼ਮੀਨ ਹੇਠਲੇ ਪਾਣੀ ਬਾਰੇ ਵਧੇਰੇ ਖ਼ਤਰੇ, ਕੁਝ ਚੰਗੇ ਉਪਰਾਲਿਆਂ ਦੇ ਨਾਲ ਭਵਿੱਖ ਲਈ ਸੁਝਾਅ ਦਿੱਤੇ ਹਨ। ਸਕੂਲ ਪੜ੍ਹਾਈ ਦੌਰਾਨ ਭਗੋਲ ਵਿਸ਼ੇ ਦੇ ਅਧਿਆਪਕਾਂ ਨੇ ਸਾਧਨਾਂ ਬਾਰੇ ਪੜ੍ਹਾਉਂਦਿਆਂ ਪਾਣੀ ਨੂੰ ਨਵਿਆਉਣਯੋਗ ਸਾਧਨ ਦੱਸਿਆ ਸੀ। ਨਾਲ ਧਰਤੀ ਉੱਪਰ ਪਾਣੀ ਦੀ ਵੰਡ ਤਾਪਮਾਨ ਅਨੁਸਾਰ ਠੋਸ, ਤਰਲ ਜਾਂ ਗੈਸੀ ਅਵਸਥਾਵਾਂ ਵਿੱਚ ਹੋਣਾ ਅਤੇ ਜਲ ਚੱਕਰ ਰਾਹੀਂ ਇਸ ਦਾ ਸਮੁੰਦਰਾਂ, ਹਵਾਵਾਂ, ਬੱਦਲਾਂ, ਮੀਂਹ ਅਤੇ ਨਦੀਆਂ ਰਾਹੀਂ ਵਾਪਸ ਸਮੁੰਦਰਾਂ ਵਿੱਚ ਜਾਣਾ ਵੀ ਸਮਝਾਇਆ ਸੀ। ਕਈ ਖੇਤਰਾਂ ਵਿੱਚ ਇਸ ਪਾਣੀ ਦਾ ਧਰਤੀ ਹੇਠਾਂ ਲੁਕ ਜਾਣਾ ਵੀ ਦੱਸਿਆ ਸੀ, ਜਿਸ ਤੋਂ ਭੋਲੇ ਮਨੁੱਖ ਅਣਜਾਣ ਰਹੇ ਪਰ ਸਿਆਣਿਆਂ ਨੇ ਇਸ ਨੂੰ ਆਪਣੀ ਜ਼ਰੂਰਤ ਲਈ ਵਰਤਣਾ ਸ਼ੁਰੂ ਕੀਤਾ। ਸਕੂਲ ਦਾ ਇਹ ਸਬਕ ਸ਼ਾਇਦ ਜ਼ਿਆਦਾਤਰ ਲੋਕ ਭੁੱਲ ਗਏ ਲੱਗਦੇ ਹਨ ਪਰ ਜੋ ਲੋਕ ਕੁਦਰਤ ਦੇ ਨਿਯਮਾਂ ਨੂੰ ਸਰਵੋਤਮ ਮੰਨਦੇ ਹਨ, ਉਹ ਜ਼ਮੀਨ ਹੇਠਲੇ ਪਾਣੀ ਦੇ ਇਸ ਲੈਣ-ਦੇਣ ਦਾ ਹਿਸਾਬ ਬਰਾਬਰ ਰੱਖ ਕੇ ਭਵਿੱਖ ਦੀਆਂ ਪੀੜ੍ਹੀਆਂ, ਜੋ ਸਾਡੇ ਹੀ ਧੀਆਂ-ਪੁੱਤ ਅਤੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਹੋਣਗੇ, ਬਾਰੇ ਸੋਚਣ ਦੀ ਲੋੜ ਬਾਰੇ ਜਾਗਰੂਕ ਕਰਦੇ ਰਹਿੰਦੇ ਹਨ। ਸਕੂਲ ਦੇ ਅਧਿਆਪਕਾਂ ਦੇ ਸਬਕ ਸਮਾਜ ਵਿੱਚ ਵਾਰ-ਵਾਰ ਦੁਹਰਾਉਣ ਦੀ ਬਹੁਤ ਲੋੜ ਹੈ।
ਪ੍ਰੋ. ਨਵਜੋਤ ਸਿੰਘ, ਪਟਿਆਲਾ
ਚਾਨਣ ਮੁਨਾਰਾ
4 ਅਪਰੈਲ ਨੂੰ ਨਜ਼ਰੀਆ ਪੰਨੇ ਉੱਤੇ ਰਣਜੀਤ ਲਹਿਰਾ ਦੀ ਰਚਨਾ ‘ਨਵੀਂ ਧਰਤੀ, ਨਵੇਂ ਸਿਆੜ’ ਪੜ੍ਹੀ। ਰਚਨਾ ਵਿੱਚ ਮੁਜ਼ਾਰਾ ਲਹਿਰ ਬਾਰੇ ਭਰਪੂਰ ਚਰਚਾ ਕੀਤੀ ਗਈ ਹੈ। ਰਚਨਾ ਵਿਚਲੀਆਂ ਘਟਨਾਵਾਂ ਦੱਸਦੀਆਂ ਹਨ ਕਿ ਹੱਕਾਂ ਲਈ ਜੂਝਣ ਵਾਲੇ ਲੋਕਾਂ ਲਈ ਉਹ ਸਮਾਂ ਕਿੰਨਾ ਮੁਸ਼ਕਿਲਾਂ ਭਰਿਆ ਸੀ। ਇਸੇ ਕਰ ਕੇ ਹੀ ਇਹ ਲੋਕ ਅੱਜ ਵੀ ਜੂਝਦੇ ਲੋਕਾਂ ਲਈ ਚਾਨਣ ਮੁਨਾਰਾ ਹਨ।
ਕਸ਼ਮੀਰ ਸਿੰਘ, ਕਪੂਰਥਲਾ