ਪਾਠਕਾਂ ਦੇ ਖ਼ਤ
ਜ਼ਮੀਰ ਝੰਜੋੜੀ ਗਈ...
ਸੁਪਰੀਮ ਕੋਰਟ ਨੇ 2021 ਵਾਲੇ ਇੱਕ ਕੇਸ ਵਿੱਚ ਪ੍ਰਯਾਗਰਾਜ ਵਿਕਾਸ ਅਥਾਰਿਟੀ ਨੂੰ ਹਰ ਪਟੀਸ਼ਨਰ ਨੂੰ 10 ਲੱਖ ਰੁਪਏ ਦੇਣ ਦੇ ਹੁਕਮ ਦਿੱਤੇ ਜਿਨ੍ਹਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾ ਦਿੱਤਾ ਗਿਆ ਸੀ। 24 ਮਾਰਚ ਨੂੰ ਅਦਾਲਤ ਨੇ ਹੁਕਮ ਦਿੰਦਿਆਂ ਕਿਹਾ ਸੀ ਕਿ ‘‘ਇਨ੍ਹਾਂ ਕੇਸਾਂ ਨੇ ਸਾਡੀ ਜ਼ਮੀਰ ਝੰਜੋੜ ਸੁੱਟੀ ਹੈ’’ ਪਰ ਉਸੇ ਦਿਨ ਨਾਗਪੁਰ ਵਿੱਚ ਕਬਾੜ ਦਾ ਕੰਮ ਕਰਨ ਵਾਲੇ ਇੱਕ ਸ਼ਖ਼ਸ ਦੀ ਦੁਕਾਨ ਢਾਹ ਦਿੱਤੀ ਗਈ। ਅਦਾਲਤ ਨੇ ਪਿਛਲੇ ਸਾਲ ਨਵੰਬਰ ਵਿੱਚ ਇਉਂ ਬੁਲਡੋਜ਼ਰ ਚਲਾਉਣ ’ਤੇ ਰੋਕ ਲਾ ਦਿੱਤੀ ਸੀ ਪਰ ਪਹਿਲਾਂ ਉੱਤਰ ਪ੍ਰਦੇਸ਼ ਵਿੱਚ ਬੁਲਡੋਜ਼ਰ ਸਿਆਸਤ ਚਲਾਈ ਗਈ, ਫਿਰ ਭਾਜਪਾ ਦੀ ਸੱਤਾ ਵਾਲੇ ਹੋਰ ਰਾਜਾਂ ਵਿੱਚ ਵੀ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ। ਹਾਲ ਹੀ ’ਚ ਇਹੀ ਕੰਮ ਪੰਜਾਬ ਦੀ ‘ਆਪ’ ਸਰਕਾਰ ਨੇ ਫੜ ਲਿਆ ਹੈ। ਅਦਾਲਤ ਦੇ ਹੁਕਮਾਂ ਦੇ ਬਾਵਜੂਦ ਜ਼ਮੀਨ ’ਤੇ ਹਾਲਾਤ ਬਦਲੇ ਨਹੀਂ। ਅਦਾਲਤ ਦਾ ਇਹ ਸੁਨੇਹਾ ਅਜਾਈਂ ਗਿਆ ਜਾਪਦਾ ਹੈ ਕਿ ‘‘ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ।’’
ਐੱਸਕੇ ਖੋਸਲਾ, ਚੰਡੀਗੜ੍ਹ
ਸਿਆਸੀ ਆਗੂਆਂ ਲਈ ਸਵਾਲ
3 ਅਪਰੈਲ ਵਾਲਾ ਸੰਪਾਦਕੀ ‘ਸਿਆਸਤਦਾਨਾਂ ਦੀ ਸੁਰੱਖਿਆ’ ਪੜ੍ਹਿਆ। ਗੱਲ ਸਿੱਧੀ ਤੇ ਸਪੱਸ਼ਟ ਹੈ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਨਾਲੋਂ ਲੋਕਾਂ ਦੀ ਸੁਰੱਖਿਆ ਦੇ ਕੋਈ ਮਾਇਨੇ ਨਹੀਂ। ਪਹਿਲੀ ਗੱਲ ਤਾਂ ਇਹ ਕਿ ਸਿਆਸੀ ਆਗੂਆਂ ਨੂੰ ਸੁਰੱਖਿਆ ਦੀ ਲੋੜ ਹੀ ਕਿਉਂ ਪੈਂਦੀ ਹੈ? ਦੂਜੀ ਗੱਲ, ਇਨ੍ਹਾਂ ਦੀ ਸੁਰੱਖਿਆ ’ਤੇ ਹੋਣ ਵਾਲਾ ਖਰਚਾ ਉਹ ਖ਼ੁਦ ਓਟਣ। ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ, ਕੀ ਪੰਜਾਬ ਸਰਕਾਰ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ ਦੇ ਯਤਨ ਕਰ ਰਹੀ ਹੈ? ਰੋਜ਼ਾਨਾ ਹੋ ਰਹੇ ਕਤਲ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਅਸੁਰੱਖਿਆ ਦੀ ਭਾਵਨਾ ਪੈਦਾ ਕਰਦੀਆਂ ਹਨ।
ਰਤਨ ਸਿੰਘ ਭੰਡਾਰੀ, ਧੂਰੀ
ਮੁਹਾਵਰਾ ਸ਼ੈਲੀ ਦਾ ਗੀਤਕਾਰ
29 ਮਾਰਚ ਦੇ ਸਤਰੰਗ ਪੰਨੇ ’ਤੇ ਭੋਲਾ ਸਿੰਘ ਸ਼ਮੀਰੀਆ ਨੇ ਆਪਣੇ ਲੇਖ ‘ਮੁਹਾਵਰਾ ਸ਼ੈਲੀ ਦਾ ਗੀਤਕਾਰ ਦੀਦਾਰ ਸੰਧੂ’ ਵਿੱਚ ਦੀਦਾਰ ਸੰਧੂ ਦੇ ਸਫ਼ਰ ਬਾਰੇ ਚਾਨਣਾ ਪਾਇਆ ਹੈ। ਉਹਦੇ ਲਿਖੇ ਅਤੇ ਗਾਏ ਗੀਤ ਬਹੁਤ ਹਰਮਨ ਪਿਆਰੇ ਹੋਏ। ਉਸ ਨੇ ਆਪਣੇ ਗੀਤਾਂ ਵਿੱਚ ਅਖਾਣਾਂ ਅਤੇ ਮੁਹਾਵਰਿਆਂ ਦੀ ਖ਼ੂਬ ਵਰਤੋਂ ਕੀਤੀ। ਸਾਜਨ ਰਾਏਕੋਟੀ, ਇੰਦਰਜੀਤ ਹਸਨਪੁਰੀ, ਬਾਬੂ ਸਿੰਘ ਮਾਨ ਤੇ ਦੇਵ ਥਰੀਕਿਆਂ ਵਾਲਾ ਉਸ ਦੇ ਸਮਕਾਲੀ ਗੀਤਕਾਰ ਸਨ। ਦੀਦਾਰ ਸੰਧੂ ਅਤੇ ਮੁਹੰਮਦ ਸਦੀਕ ਪਹਿਲਾਂ ਲੋਕ ਸੰਪਰਕ ਵਿਭਾਗ ਵਿੱਚ ਇਕੱਠੇ ਕੰਮ ਕਰਦੇ ਰਹੇ। ਦੀਦਾਰ ਸੰਧੂ ਤੇ ਬਾਬੂ ਸਿੰਘ ਮਾਨ ਪਿੰਡ ਦੇ ਸਰਪੰਚ ਵੀ ਰਹੇ। ਇਸ ਤੋਂ ਪਹਿਲਾਂ 27 ਮਾਰਚ ਦਾ ਸੰਪਾਦਕੀ ‘ਪੰਜਾਬ ਦਾ ਬਜਟ’ ਪੜ੍ਹਿਆ। ਇਸ ਵਕਤ ਪੰਜਾਬ ਦੀ ਵਿੱਤੀ ਹਾਲਤ ਬਹੁਤ ਤਰਸਯੋਗ ਹੈ। ਕਰਜ਼ਾ ਚੁੱਕ ਕੇ ਸਬਸਿਡੀਆਂ ਜਾਰੀ ਰੱਖਣੀਆਂ ਰਾਜ ਦੇ ਹਿੱਤ ਵਿੱਚ ਨਹੀਂ। ਬਿਜਲੀ ਸਬਸਿਡੀ ਵੀ ਲੋੜਵੰਦਾਂ ਨੂੰ ਦੇਣੀ ਚਾਹੀਦੀ ਹੈ। ਇਹ ਪੈਸਾ ਸਿੱਖਿਆ ਅਤੇ ਸਿਹਤ ਤੇ ਖੇਤਰ ਵਿੱਚ ਲਾਉਣਾ ਚਾਹੀਦਾ ਹੈ। 27 ਮਾਰਚ ਨੂੰ ਹੀ ਕੇਸੀ ਰੁਪਾਣਾ ਦਾ ਮਿਡਲ ‘ਨੁਹਾਰ’ ਛਪਿਆ ਹੈ। ਇਸ ਵਿੱਚ ਸਚਾਈ ਪ੍ਰਗਟ ਕੀਤੀ ਗਈ ਹੈ।
ਗੋਵਿੰਦਰ ਜੱਸਲ, ਸੰਗਰੂਰ
(2)
29 ਮਾਰਚ ਦੇ ਸਤਰੰਗ ਪੰਨੇ ’ਤੇ ਗੀਤਕਾਰ ਦੀਦਾਰ ਸਿੰਘ ਸੰਧੂ ਦਾ ਸ਼ਬਦ ਚਿੱਤਰ ‘ਮੁਹਾਵਰਾ ਸ਼ੈਲੀ ਦਾ ਗੀਤਕਾਰ ਦੀਦਾਰ ਸੰਧੂ’ ਛਪਿਆ ਹੈ। ਲੇਖਕ ਭੋਲਾ ਸਿੰਘ ਸ਼ਮੀਰੀਆ ਨੇ ਦੀਦਾਰ ਸੰਧੂ ਦੇ ਗੀਤਾਂ ’ਚ ਕਹਾਵਤਾਂ, ਅਖਾਉਤਾਂ, ਅਲੰਕਾਰ ਤੇ ਅਖਾਣਾਂ ਦੀ ਵਰਤੋਂ ਬਾਰੇ ਖੁਲਾਸਾ ਕੀਤਾ ਹੈ। ਗੀਤਾਂ ਜ਼ਰੀਏ ਸਮਾਜ ਨੂੰ ਨਸੀਹਤ ਤੇ ਸਚਾਈ ਤੋਂ ਜਾਣੂ ਕਰਵਾਉਣ ਵਾਲੇ ਇਹੋ ਜਿਹੇ ਕਲਾਕਾਰ ਵਿਰਲੇ ਹੁੰਦੇ ਹਨ। ਲੇਖਕ ਨੇ ਕਲਾਕਾਰ ਦੇ ਸਿਰ ਕੱਢਵੇਂ ਗੀਤਾਂ ਦਾ ਜ਼ਿਕਰ ਛੇੜਿਆ ਹੈ। ਨਿਆਣੀ ਉਮਰੇ ਅਮਰ ਨੂਰੀ ਤੇ ਦੀਦਾਰ ਸੰਧੂ ਦਾ ਗੀਤ ‘ਬੰਦ ਪਿਆ ਦਰਵਾਜ਼ਾ ਜਿਉਂ ਫਾਟਕ ਕੋਟਕਪੂਰੇ ਦਾ’ ਬਹੁਤ ਮਕਬੂਲ ਹੋਇਆ ਸੀ, ਇਸ ਗੀਤ ਦਾ ਜ਼ਿਕਰ ਨਹੀਂ ਕੀਤਾ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
ਕੁਦਰਤ ਦੀਆਂ ਅਮੁੱਲ ਦਾਤਾਂ
28 ਮਾਰਚ ਦੇ ਅੰਕ ਵਿੱਚ ਡਾ. ਗੁਰਿੰਦਰ ਕੌਰ ਦਾ ਲੇਖ ‘ਅਜੋਕਾ ਵਿਕਾਸ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ’ ਪੜ੍ਹਿਆ। ਬਹੁਤ ਦੁੱਖ ਹੁੰਦਾ ਹੈ ਕਿ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ (ਤਕਰੀਬਨ 65 ਫ਼ੀਸਦੀ) ਸਾਡੇ ਦੇਸ਼ ਵਿੱਚ ਹਨ ਅਤੇ ਦੇਸ਼ ਦੀ ਰਾਜਧਾਨੀ ਉਨ੍ਹਾਂ ਵਿੱਚੋਂ ਇੱਕ ਹੈ। ਧਰਮ ਦੇ ਨਾਂ ’ਤੇ ਜਿਊਂਦਾ ਦੇਸ਼ ਕੁਦਰਤ ਦੀਆਂ ਅਮੁੱਲ ਦਾਤਾਂ ਨੂੰ ਸੰਭਾਲਣ ਦਾ ਕੋਈ ਉਪਰਾਲਾ ਨਹੀਂ ਕਰ ਰਿਹਾ। ਮਹਾਕੁੰਭ ਵੇਲੇ ਹੀ ਗੰਗਾ ਕਿੰਨੀ ਪ੍ਰਦੂਸ਼ਿਤ ਹੋਈ ਹੋਵੇਗੀ, ਕਿਹਾ ਨਹੀਂ ਜਾ ਸਕਦਾ। ਧਾਰਮਿਕ ਆਸਥਾਵਾਂ ਨੂੰ ਅਜੋਕੇ ਵਿਕਾਸ ਨਾਲ ਜੋੜਨ ਦੀਆਂ ਗ਼ਲਤ ਨੀਤੀਆਂ, ਸਿਆਸਤਦਾਨਾਂ ਦੇ ਨਿੱਜੀ ਹਿੱਤ, ਵਿਸ਼ਵ ਵਪਾਰ ਸੰਸਥਾ ਅਤੇ ਹੋਰ ਕੌਮਾਂਤਰੀ ਸਮਝੌਤਿਆਂ ਲਈ ਕੀਤੇ ਫ਼ੈਸਲੇ ਸਾਡੇ ਕੁਦਰਤੀ ਸੋਮਿਆਂ ਨੂੰ ਖ਼ੋਰਾ ਲਾ ਰਹੇ ਹਨ। 19 ਮਾਰਚ ਦੇ ਅੰਕ ਵਿੱਚ ਗੁਰਬਚਨ ਜਗਤ ਦਾ ਲੇਖ ‘ਦੱਖਣ ਦੀ ਸਤਹਿ ਹੇਠ ਖੌਲਦੇ ਸਵਾਲ’ ਪੜ੍ਹਿਆ। ਲੇਖਕ ਦੱਖਣ ਦੀ ਸਤਹਿ ਹੇਠ ਖੌਲਦੇ ਸਵਾਲਾਂ ਦੀ ਸਹੀ ਨਿਸ਼ਾਨਦੇਹੀ ਕਰਦਾ ਹੋਇਆ ਦੇਸ਼ ਦੇ ਹੋਰ ਸੂਬਿਆਂ ਅੰਦਰ ਅਜਿਹੇ ਮਿਲਦੇ ਜੁਲਦੇ ਸਵਾਲਾਂ ਤੋਂ ਪੈਦਾ ਹੋਏ ਖਦਸ਼ਿਆਂ ਬਾਰੇ ਗੱਲ ਕਰਦਾ ਹੈ। ਦੱਖਣ ਦੇ ਤੌਖ਼ਲੇ ਸਹੀ ਹਨ, ਪੰਜਾਬ ਅਤੇ ਕਸ਼ਮੀਰ ਦੇ ਖਦਸ਼ੇ ਵੀ ਗ਼ਲਤ ਨਹੀਂ ਹਨ। 10 ਮਾਰਚ ਨੂੰ ਜਯੋਤੀ ਮਲਹੋਤਰਾ ਦਾ ਲੇਖ ‘ਟਰੰਪ ਦੀ ਤਾਨ ਅਤੇ ਵਿਰਾਟ ਦੀ ਧੁਨ’ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਿਦੇਸ਼ ਨੀਤੀ ਬਾਰੇ ਚੰਗੀ ਚਰਚਾ ਕਰਦਾ ਹੈ। 5 ਮਾਰਚ ਵਾਲੇ ਅੰਕ ਵਿੱਚ ਡਾ. ਸ ਸ ਛੀਨਾ ਦਾ ਲੇਖ ‘ਵਿਕਾਸ ਵੱਲ ਵਧ ਰਿਹਾ ਮੁਲਕ ਗ਼ਰੀਬ ਕਿਉਂ?’ ਤੱਥਾਂ ਸਮੇਤ ਇਹ ਗੱਲ ਸਾਹਮਣੇ ਲਿਆਉਂਦਾ ਹੈ ਕਿ ਪਿਛਲੇ ਦਸ ਸਾਲਾਂ ਵਿੱਚ ਦੇਸ਼ ਅੰਦਰ ਅਰਬਪਤੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਨ੍ਹਾਂ ਹੀ ਸਾਲਾਂ ਵਿੱਚ ਗ਼ਰੀਬ ਅਤੇ ਅਮੀਰ ਦਾ ਆਰਥਿਕ ਪਾੜਾ ਵਧਿਆ ਹੈ। ਆਮਦਨ ਦੀ ਨਾ-ਬਰਾਬਰੀ ਸਮਾਜਿਕ ਸੰਤੁਲਨ ’ਤੇ ਪ੍ਰਭਾਵ ਪਾਉਂਦੀ ਹੈ। ਨਵੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਜਗਰੂਪ ਸਿੰਘ, ਉਭਾਵਾਲ (ਲੁਧਿਆਣਾ)