ਪਹਿਲਗਾਮ ਹਮਲਾ ਸਿਆਸੀ ਤੇ ਫਿਰਕੂ ਸਾਜ਼ਿਸ਼ ਕਰਾਰ
ਪੱਤਰ ਪ੍ਰੇਰਕ
ਅੰਮ੍ਰਿਤਸਰ, 5 ਮਈ
ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਥਾਨਕ ਕੰਪਨੀ ਬਾਗ਼ ਵਿੱਚ ਵਿਚਾਰ ਚਰਚਾ ਕਰਵਾਈ ਗਈ। ਇਸ ਦੌਰਾਨ ਪਹਿਲਗਾਮ ਵਿੱਚ 27 ਸੈਲਾਨੀਆਂ ਨੂੰ ਕਤਲ ਕਰਨ ਦੀ ਦਹਿਸ਼ਤੀ ਘਟਨਾ ਦੀ ਨਿੰਦਾ ਕਰਦਿਆਂ ਇਸ ਨੂੰ ਭਾਈਚਾਰਕ ਸਾਂਝ ਤੋੜਨ ਦੀ ਸਿਆਸੀ ਅਤੇ ਫਿਰਕੂ ਸਾਜਿਸ਼ ਕਰਾਰ ਦਿੱਤਾ। ਸੈਲਾਨੀਆਂ ਦੀ ਸੁਰੱਖਿਆ ਵਿੱਚ ਜਾਣ-ਬੁੱਝ ਕੇ ਕੀਤੀ ਵੱਡੀ ਕੁਤਾਹੀ ਲਈ ਮੋਦੀ ਸਰਕਾਰ ਅਤੇ ਇਸ ਦੀਆਂ ਖੁਫ਼ੀਆ ਏਜੰਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।
ਚਿੰਤਕ ਡਾ.ਪਰਮਿੰਦਰ ਨੇ ਕਿਹਾ ਕਿ ਇਹ ਫਿਰਕੂ ਕਤਲੇਆਮ ਸਿਰਫ਼ ਅਤਿਵਾਦ ਦੀ ਘਟਨਾ ਨਹੀਂ ਸਗੋਂ ਕਸ਼ਮੀਰ ਦੇ ਲੋਕਾਂ ਦੇ ਜਮਹੂਰੀ ਆਜ਼ਾਦੀ ਦੇ ਸੰਘਰਸ਼ ਨੂੰ ਕੌਮਾਂਤਰੀ ਪੱਧਰ ’ਤੇ ਬਦਨਾਮ ਕਰਨ, ਉਨ੍ਹਾਂ ਦੀ ਆਰਥਿਕਤਾ ਤੇ ਅਮਨ ਸ਼ਾਂਤੀ ਦੇ ਮਾਹੌਲ ਨੂੰ ਬਰਬਾਦ ਕਰਨ ਅਤੇ ਦੇਸ਼ ਵਿੱਚ ਵੱਡੀ ਪੱਧਰ ’ਤੇ ਹਿੰਦੂ ਮੁਸਲਿਮ ਫਿਰਕੂ ਦੰਗੇ ਫ਼ਸਾਦ ਕਰਵਾਉਣ ਦੀ ਗਿਣੀ ਮਿੱਥੀ ਸਿਆਸੀ ਸਾਜਿਸ਼ ਹੈ।
ਤਰਕਸ਼ੀਲ ਸੁਸਾਇਟੀ ਦੇ ਸੂਬਾਈ ਆਗੂ ਸੁਮੀਤ ਅੰਮ੍ਰਿਤਸਰ, ਇਕਾਈ ਆਗੂਆਂ ਪ੍ਰਿੰਸੀਪਲ ਮੇਲਾ ਰਾਮ ਅਤੇ ਐਡਵੋਕੇਟ ਅਮਰਜੀਤ ਬਾਈ ਨੇ ਇਸ ਹਮਲੇ ਦੀ ਕੌਮਾਂਤਰੀ ਨਿਆਂ ਅਦਾਲਤ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਯਸ਼ਪਾਲ ਝਬਾਲ, ਮਾਸਟਰ ਬਲਦੇਵ ਰਾਜ ਵੇਰਕਾ, ਕਿਰਤੀ ਕਿਸਾਨ ਯੂਨੀਅਨ ਦੇ ਅਮਰੀਕ ਸਿੰਘ ਸੰਗਤਪੁਰਾ, ਰਾਬਤਾ ਮੁਕਲਮਾ ਦੇ ਸਰਬਜੀਤ ਸੰਧੂ, ਬੀਕੇਯੂ (ਏਕਤਾ ਉਗਰਾਹਾਂ) ਦੇ ਆਗੂ ਲਖਵਿੰਦਰ ਮੰਜਿਆਂਵਾਲੀ ਅਤੇ ਪੰਜਾਬ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਰਾਜਿੰਦਰ ਪਾਲ ਕੌਰ ਨੇ ਸੰਬੋਧਨ ਕੀਤਾ।