ਤਰਕਸ਼ੀਲ ਸੁਸਾਇਟੀ ਵੱਲੋਂ ਲੋਕਾਂ ਨੂੰ ਨਸ਼ਿਆਂ ਤੋਂ ਬਚਣ ਦਾ ਸੱਦਾ
ਪੱਤਰ ਪ੍ਰੇਰਕ
ਅੰਮ੍ਰਿਤਸਰ, 2 ਜੂਨ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵੱਲੋਂ ‘ਮਾਨਸਿਕ ਰੋਗਾਂ ਪ੍ਰਤੀ ਸਮਾਜਿਕ ਚੇਤਨਾ ਅਤੇ ਹੱਲ’ ਵਿਸ਼ੇ ਸਬੰਧੀ ਵਿਚਾਰ ਚਰਚਾ ਸਥਾਨਕ ਮੈਡੀਕਲ ਐਨਕਲੇਵ ’ਚ ਕੀਤੀ ਗਈ ਜਿਸ ਵਿੱਚ ਲੋਕਾਂ ਨੂੰ ਮਾਨਸਿਕ ਰੋਗਾਂ ਦੇ ਹੱਲ ਲਈ ਵਿਗਿਆਨਕ ਸੋਚ ਅਪਨਾਉਣ ਅਤੇ ਤਣਾਅ, ਨਸ਼ਿਆਂ ਤੇ ਖੁਦਕਸ਼ੀਆਂ ਤੋਂ ਬਚਣ ਦਾ ਸੱਦਾ ਦਿੱਤਾ ਗਿਆ।
ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰੋਫੈਸਰ ਅਤੇ ਉੱਘੇ ਸਿਹਤ ਚਿੰਤਕ ਡਾ. ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਮਾੜੇ ਆਰਥਿਕ ਤੇ ਪਰਿਵਾਰਕ ਹਾਲਾਤ, ਆਲੇ ਦੁਆਲੇ ਦਾ ਮਾਹੌਲ, ਮਾਨਸਿਕ ਅਵਸਥਾ, ਸਮਾਜਿਕ ਵਿਤਕਰਾ, ਨਾਬਰਾਬਰੀ, ਬੇਇਨਸਾਫ਼ੀ ਅਤੇ ਉਸ ਦੀ ਅੰਧ ਵਿਸ਼ਵਾਸੀ ਮਾਨਸਿਕਤਾ ਉਸ ਨੂੰ ਮਾਨਸਿਕ ਤਣਾਅ, ਉਦਾਸੀ ਤੇ ਨਸ਼ਿਆਂ ਵੱਲ ਲਿਜਾਣ ਅਤੇ ਫਿਰ ਮਾਨਸਿਕ ਰੋਗੀ ਤੇ ਖੁਦਕਸ਼ੀ ਕਰਨ ਦਾ ਮੁੱਖ ਕਾਰਨ ਬਣਦੇ ਹਨ।
ਸੂਬਾਈ ਮੀਡੀਆ ਮੁਖੀ ਸੁਮੀਤ ਨੇ ਸਮਾਜ ਵਿੱਚ ਦਿਨੋਂ ਦਿਨ ਵਧ ਰਹੇ ਮਾਨਸਿਕ ਰੋਗਾਂ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਅਤੇ ਲੋਕ ਵਿਰੋਧੀ ਰਾਜ ਪ੍ਰਬੰਧ ਦੇ ਨਾਲ -ਨਾਲ ਮਨੁੱਖ ਦੀ ਪੂੰਜੀਵਾਦੀ ਪੱਖੀ ਮਾਨਸਿਕਤਾ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਆਪਣੇ ਬਦਤਰ ਹਾਲਾਤ ਨੂੰ ਬਦਲਣ ਲਈ ਮੌਜੂਦਾ ਲੋਟੂ, ਫ਼ਿਰਕੂ ਅਤੇ ਭ੍ਰਿਸ਼ਟ ਹਕੂਮਤਾਂ ਦੇ ਵਿਰੁੱਧ ਮਜ਼ਬੂਤੀ ਨਾਲ ਜਥੇਬੰਦਕ ਸੰਘਰਸ਼ਾਂ ਵੱਲ ਸੇਧਿਤ ਹੋਣਾ ਚਾਹੀਦਾ ਹੈ।
ਜਥੇਬੰਦਕ ਮੁਖੀ, ਜਸਪਾਲ ਬਾਸਰਕੇ ਅਤੇ ਵਿੱਤ ਮੁਖੀ ਪ੍ਰਿੰ. ਮੇਲਾ ਰਾਮ ਨੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਲੋਕਾਂ ਦੀਆਂ ਸਿੱਖਿਆ, ਸਿਹਤ, ਰੁਜ਼ਗਾਰ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਕਰਨ ਤੋਂ ਇਲਾਵਾ ਹਰੇਕ ਸਰਕਾਰੀ ਹਸਪਤਾਲ ਅਤੇ ਪੇਂਡੂ ਸਿਹਤ ਕੇਂਦਰਾਂ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ। ਇਕਾਈ ਦੇ ਸੱਭਿਆਚਾਰਕ ਵਿਭਾਗ ਦੇ ਮੁਖੀ ਮਾਸਟਰ ਬਲਦੇਵ ਰਾਜ ਵੇਰਕਾ, ਮਾਨਸਿਕ ਸਿਹਤ ਚੇਤਨਾ ਵਿਭਾਗ ਦੇ ਮੁਖੀ ਦਮਨਜੀਤ ਕੌਰ ਤੇ ਮਾਸਟਰ ਕੁਲਜੀਤ ਵੇਰਕਾ ਨੇ ਲੋਕਾਂ ਵਿੱਚ ਮਾਨਸਿਕ ਰੋਗਾਂ ਦੇ ਖਾਤਮੇ ਪ੍ਰਤੀ ਵਿਗਿਆਨਕ ਚੇਤਨਾ ਵਿਕਸਤ ਕਰਦਿਆਂ ਅਜਿਹੇ ਸੈਮੀਨਾਰ ਭਵਿੱਖ ਵਿੱਚ ਵੱਧ ਤੋਂ ਵੱਧ ਕਰਵਾਉਣ ਦੀ ਲੋੜ ਉਤੇ ਜ਼ੋਰ ਦਿੱਤਾ।