ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਮੌਤ
ਕੇਪੀ ਸਿੰਘ
ਗੁਰਦਾਸਪੁਰ, 2 ਜੂਨ
ਕਲਾਨੌਰ ਰੋਡ ਸਥਿਤ ਪਿੰਡ ਸਲੇਮਪੁਰ ਅੱਡੇ ’ਤੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਘਟਨਾ ਵਿੱਚ ਇੱਕ ਔਰਤ ਅਤੇ ਬੱਚੀ ਗੰਭੀਰ ਜ਼ਖ਼ਮੀ ਹੋ ਗਏ। ਇਹ ਹਾਦਸਾ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਇਆ ਹੈ। ਜਾਣਕਾਰੀ ਅਨੁਸਾਰ ਕਾਰ ਗੁਰਦਾਸਪੁਰ ਵਾਲੇ ਪਾਸਿਓਂ ਕਲਾਨੌਰ ਵੱਲ ਜਾ ਰਹੀ ਸੀ ਜਦਕਿ ਮੋਟਰਸਾਈਕਲ ਸਵਾਰ ਸੋਨੂੰ (42) ਵਾਸੀ ਪਿੰਡ ਮਛਰਾਲਾ, ਆਪਣੀ ਪਤਨੀ ਅਤੇ ਬੇਟੀ ਨਾਲ ਗੁਰਦਾਸਪੁਰ ਆ ਰਿਹਾ ਸੀ। ਜਦੋਂ ਗੁਰਦਾਸਪੁਰ ਨੇੜੇ ਪਿੰਡ ਸਲੇਮਪੁਰ ਦੇ ਅੱਡੇ ’ਤੇ ਪਹੁੰਚਿਆ ਤਾਂ ਕਾਰ ਉਸ ਵਿੱਚ ਆ ਟਕਰਾਈ। ਦੁਰਘਟਨਾ ਇੰਨੀ ਭਿਆਨਕ ਸੀ ਕਿ ਕਾਰ ਵੀ ਪਲਟ ਗਈ ਅਤੇ ਮੋਟਰਸਾਈਕਲ ਵੀ ਨੁਕਸਾਨਿਆ ਗਿਆ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਸੋਨੂੰ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅਤੇ ਬੇਟੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਪਹੁੰਚ ਕੇ ਐਂਬੂਲੈਂਸ ਰਾਹੀਂ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ। ਸੋਨੂੰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਪੁਲੀਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।