ਜਮਹੂਰੀ ਕਿਸਾਨ ਸਭਾ ਨੇ ਅਜਨਾਲਾ ਦਾ ਥਾਣਾ ਘੇਰਿਆ
ਸੁਖਦੇਵ ਸੁਖ
ਅਜਨਾਲਾ, 2 ਜੂਨ
ਨੌਜਵਾਨ ਆਗੂ ਜੱਗਾ ਸਿੰਘ ਡੱਲਾ ਉੱਪਰ ਹਮਲਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਲਈ ਅੱਜ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐੱਮ.ਓ.) ਦੇ ਸੈਂਕੜੇ ਕਾਰਕੁਨਾਂ ਵੱਲੋਂ ਜ਼ਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਵਿੱਚ ਸਥਾਨਕ ਕਸਬੇ ਦੇ ਬਜ਼ਾਰਾਂ ਵਿੱਚ ਮਾਰਚ ਕਰਦਿਆਂ ਥਾਣਾ ਅਜਨਾਲਾ ਦਾ ਘਿਰਾਓ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਸਰਕਾਰ ਅਤੇ ਪੁਲੀਸ ਦੀ ਸ਼ਹਿ ਪ੍ਰਾਪਤ ਸਮਾਜ ਵਿਰੋਧੀ ਅਨਸਰਾਂ ਵੱਲੋਂ ਨੌਜਵਾਨ ਆਗੂ ਜੱਗਾ ਸਿਘ ਡੱਲਾ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਉਸ ਦੇ ਗੰਭੀਰ ਸੱਟਾਂ ਲੱਗੀਆਂ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਜਥੇਬੰਦੀ ਵੱਲੋਂ ਅਜਨਾਲਾ ਪੁਲੀਸ ਖ਼ਿਲਾਫ਼ ਸੰਘਰਸ਼ ਸਦਕਾ ਹਮਲਾਵਰਾਂ ਉੱਪਰ ਇਰਾਦਾ ਕਤਲ ਦਾ ਕੇਸ ਦਰਜ ਹੋਇਆ ਅਤੇ ਦੋ ਹਮਲਾਵਰ ਪੁਲੀਸ ਤੋਂ ਗ੍ਰਿਫ਼ਤਾਰ ਕਰਵਾਏ ਗਏ ਪਰ ਕਥਿਤ ਸਿਆਸੀ ਦਖਲ ਕਾਰਨ ਦੋਵੇਂ ਹਮਲਾਵਰ ਪੁਲੀਸ ਵੱਲੋਂ ਰਿਹਾਅ ਕਰ ਦਿੱਤੇ ਗਏ। ਆਗੂਆਂ ਕਿਹਾ ਕਿ ਜੱਗਾ ਸਿੰਘ ’ਤੇ ਹਮਲਾ ਕਰਨ ਵਾਲੇ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਣ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਗੁਰਨਾਮ ਸਿੰਘ ਉਮਰਪੁਰਾ, ਦੇਸਾ ਸਿੰਘ ਭਿੰਡੀਆਂ ਤੇ ਹਰਭਜਨ ਸਿੰਘ ਟਰਪਈ ਆਦਿ ਹਾਜ਼ਰ ਸਨ।