‘ਨਾਗਜ਼ਿਲਾ’ ਵਿੱਚ ਨਾਗ ਦੇ ਰੂਪ ਵਿੱਚ ਨਜ਼ਰ ਆਉਣਗੇ ਕਾਰਤਿਕ ਆਰੀਅਨ
ਮੁੰਬਈ: ਕਰਨ ਜੌਹਰ ਦੀ ਧਰਮਾ ਪ੍ਰੋਡਕਸ਼ਨ ਦੀ ਫਿਲਮ ਨਾਗਜ਼ਿਲਾ ਅਗਲੇ ਸਾਲ 14 ਅਗਸਤ ਨੂੰ ਰਿਲੀਜ਼ ਹੋਵੇਗੀ, ਜਿਸ ਵਿਚ ਬੌਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਮੁੱਖ ਕਿਰਦਾਰ ਨਿਭਾਉਣਗੇ। ਇਸ ਫਿਲਮ ਵਿਚ ਉਹ ਇੱਛਾਧਾਰੀ ਨਾਗ ਦੇ ਰੂਪ ਵਿਚ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ‘ਫੂਕਰੇ’ ਫ੍ਰੈਂਚਾਇਜ਼ੀ ਦੇ ਮ੍ਰਿਗਦੀਪ ਸਿੰਘ ਲਾਂਬਾ ਨੇ ਕੀਤਾ ਹੈ ਤੇ ਇਸ ਦੀ ਕਹਾਣੀ ਗੌਤਮ ਮਹਿਰਾ ਨੇ ਲਿਖੀ ਹੈ। ਇਸ ਫਿਲਮ ਦੀ ਝਲਕ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਅਤੇ ਆਰੀਅਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਸਾਂਝੀ ਕੀਤੀ ਹੈ। ਇਸ ਸਬੰਧੀ 45 ਸੈਕਿੰਡ ਦੀ ਵੀਡੀਓ ਵੀ ਜਾਰੀ ਹੋਈ ਹੈ, ਜਿਸ ਵਿੱਚ ਆਰੀਅਨ ਸੱਪਾਂ ਨਾਲ ਘਿਰਿਆ ਦਿਖਾਈ ਦੇ ਰਿਹਾ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਇਨਸਾਨੋਂ ਵਾਲੀ ਪਿਕਚਰੇਂ ਤੋ ਬਹੁਤ ਦੇਖ ਲੀਂ, ਅਬ ਦੇਖੋ ਨਾਗੋਂ ਵਾਲੀ ਪਿਕਚਰ! #ਨਾਗਜ਼ਿਲਾ - ਨਾਗ ਲੋਕ ਕਾ ਪਹਿਲਾ ਕਾਂਡ… ਫੰਨ ਫੈਲਾਨੇ ਆ ਰਹਾ ਹੈ - ਪ੍ਰਿਯਮਵਾਦੇਸ਼ਵਰ ਪਿਆਰੇ ਚੰਦ ਨਾਗ ਪੰਚਮੀ ਪਰ ਆਪਕੇ ਨਜ਼ਦੀਕੀ ਸਿਨੇਮਾਜ਼ ਮੇਂ 14 ਅਗਸਤ 2026 ਕੋ।’ ਦੱਸਣਾ ਬਣਦਾ ਹੈ ਕਿ ‘ਨਾਗਜ਼ਿਲਾ’ ‘ਤੂ ਮੇਰੀ ਮੈਂ ਤੇਰਾ, ਮੈਂ ਤੇਰਾ ਤੂ ਮੇਰੀ’ ਤੋਂ ਬਾਅਦ ਆਰੀਅਨ ਅਤੇ ਧਰਮਾ ਪ੍ਰੋਡਕਸ਼ਨ ਦੀ ਦੂਜੀ ਫਿਲਮ ਹੈ। -ਪੀਟੀਆਈ