ਬਾਦਸ਼ਾਹ ਦਾ ਗੀਤ ‘ਗਲੀਓਂ ਕੇ ਗਾਲਿਬ’ ਰਿਲੀਜ਼
ਮੁੰਬਈ: ਗਾਇਕ ਅਤੇ ਰੈਪਰ ਬਾਦਸ਼ਾਹ ਦਾ ਗੀਤ ‘ਗਲੀਓਂ ਕੇ ਗਾਲਿਬ’ ਅੱਜ ਰਿਲੀਜ਼ ਹੋ ਗਿਆ ਹੈ। ਇਸ ਪਾਰਟੀ ਗੀਤ ਦਾ ਵੀਡੀਓ ਵੀ ਦਰਸ਼ਕਾਂ ਨੂੰ ਹੈਰਾਨ ਕਰਨ ਵਾਲਾ ਹੈ। ਇਸ ਵਿੱਚ ਬਾਦਸ਼ਾਹ ਨੱਚਦਾ ਹੋਇਆ ਦਿਖਾਈ ਦੇ ਰਿਹਾ ਹੈ। ਇਹ ਉਸ ਦੇ ਖ਼ਾਸ ਅੰਦਾਜ਼ ਨੂੰ ਦਰਸਾਉਂਦਾ ਹੈ। ਅੱਜ ਰਿਲੀਜ਼ ਹੋਇਆ ਇਹ ਗੀਤ ਬਾਦਸ਼ਾਹ ਦੀ ਕਲਾ ਦਾ ਪ੍ਰਗਟਾਵਾ ਹੈ। ਇਸ ਗੀਤ ਦਾ ਸਿਰਫ਼ ਸੰਗੀਤ ਹੀ ਸ਼ਾਨਦਾਰ ਨਹੀਂ ਹੈ ਬਲਕਿ ਇਸ ਦੇ ਬੋਲ ਵੀ ਦਿਲ ਨੂੰ ਖ਼ੁਸ਼ ਕਰਨ ਵਾਲੇ ਹਨ। ਇਸ ਗੀਤ ਦੇ ਵੀਡੀਓ ਵਿੱਚ ਪਹਿਲੀ ਵਾਰ ਬਾਦਸ਼ਾਹ ਦੀ ਨੱਚਣ ਦੀ ਕਲਾ ਦਾ ਦਰਸ਼ਕਾਂ ਨੂੰ ਪਤਾ ਲੱਗਿਆ ਹੈ। ਗਾਇਕ ਦਾ ਕਹਿਣਾ ਹੈ ਕਿ ਉਹ ਇਸ ਗੀਤ ਰਾਹੀਂ ਆਪਣੀ ਆਉਣ ਵਾਲੀ ਐਲਬਮ ‘ਫਿਤੂਰ’ ਦੀ ਝਲਕ ਪੇਸ਼ ਕਰ ਰਿਹਾ ਹੈ। ਇਹ ਸਮੇਂ ਦੇ ਨਾਲ-ਨਾਲ ਉਸ ਦੀ ਕਲਾ ਵਿੱਚ ਆਏ ਨਿਖਾਰ ਦਾ ਪ੍ਰਤੀਕ ਹੈ। ਉਸ ਦੀ ਟੀਮ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਐਲਬਮ ‘ਫਿਤੂਰ’ ਬਾਦਸ਼ਾਹ ਦੇ ਕਲਾਕਾਰੀ ਦੇ ਸਫ਼ਰ ਦੀ ਝਲਕ ਹੈ। ਗਾਇਕ ਦਾ ਕਹਿਣਾ ਹੈ ਕਿ ਇਸ ਰਾਹੀਂ ਉਸ ਨੇ ਆਪਣੇ ਸੰਗੀਤ ਦੇ ਤਜਰਬੇ ਅਤੇ ਆਪਣੀ ਲਿਖਤ ਦੇ ਬਦਲਾਅ ਦਾ ਪ੍ਰਗਟਾਵਾ ਕੀਤਾ ਹੈ। ਉਸ ਨੇ ਕਿਹਾ ਕਿ ‘ਗਲੀਓਂ ਕੇ ਗਾਲਿਬ’ ਉਸ ਦੀ ਮਿਹਨਤ ਅਤੇ ਤਜਰਬੇ ਦੀ ਝਲਕ ਹੈ। ਉਸ ਨੇ ਕਿਹਾ ਕਿ ਇਹ ਗੀਤ ਉਸ ਦੇ ਸੰਗੀਤ ਨਾਲ ਤਜਰਬੇ ਕਰਨ ਨੂੰ ਬਿਆਨ ਕਰਦਾ ਹੈ। ਗਾਇਕ ਨੇ ਇਸ ਗੀਤ ਨੂੰ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਸਾਂਝਾ ਕੀਤਾ ਹੈ। ਹਾਲ ਹੀ ਵਿੱਚ ਗਾਇਕ ਨੇ ਆਪਣੇ ਅਮਰੀਕਾ ਦੇ ਸ਼ੋਅ ਦੀਆਂ ਤਰੀਕਾਂ ਦਾ ਖ਼ੁਲਾਸਾ ਕੀਤਾ ਸੀ। ਉਹ ਇਸ ਸਾਲ ਸਤੰਬਰ ਮਹੀਨੇ ਦੌਰਾਨ ਨਿਊ ਜਰਸੀ, ਸਿਆਟਲ, ਡਲਾਸ ਅਤੇ ਸ਼ਿਕਾਗੋ ਵਿੱਚ ਸ਼ੋਅ ਕਰੇਗਾ। -ਏਐੱਨਆਈ