ਨਸ਼ੇ ’ਚ ਇੱਟਾਂ ਮਾਰ ਕੇ ਪਤਨੀ ਦਾ ਕਤਲ
ਸੁਭਾਸ਼ ਚੰਦਰ
ਸਮਾਣਾ, 1 ਅਪਰੈਲ
ਇਥੋਂ ਦੇ ਮੁਹੱਲਾ ਵੜੈਚਾਂ ਵਿੱਚ ਬੀਤੀ ਰਾਤ ਪਤੀ ਨੇ ਕਥਿਤ ਤੌਰ ’ਤੇ ਇੱਟਾਂ ਮਾਰ-ਮਾਰ ਕੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਸਿਟੀ ਪੁਲੀਸ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲੀਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਵਿੱਚ ਰਖਵਾ ਦਿੱਤਾ ਹੈ।
ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏਐੱਸਆਈ ਸਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਨਿਸ਼ਾ (35) ਪਤਨੀ ਅਸ਼ੋਕ ਕੁਮਾਰ ਵਾਸੀ ਵੜੈਚਾਂ ਵਜੋਂ ਹੋਈ ਹੈ। ਅਸ਼ੋਕ ਕੁਮਾਰ ਦੇ ਗੁਆਂਢੀ ਪਵਨ ਕੁਮਾਰ ਨੇ ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਪਤੀ-ਪਤਨੀ ਮੁਹੱਲੇ ਦੇ ਮਕਾਨ ਵਿੱਚ ਕਿਰਾਏ ’ਤੇ ਰਹਿਣ ਆਏ ਸਨ। ਸੋਮਵਾਰ ਰਾਤ ਨੂੰ ਅਸ਼ੋਕ ਕੁਮਾਰ ਨੇ ਕੋਈ ਨਸ਼ਾ ਕੀਤਾ ਹੋਇਆ ਸੀ। ਇਸ ਦੌਰਾਨ ਉਸ ਦਾ ਕਿਸੇ ਗੱਲ ਤੋਂ ਆਪਣੀ ਪਤਨੀ ਨਾਲ ਝਗੜਾ ਹੋ ਗਿਆ। ਇਸੇ ਕਾਰਨ ਉਸ ਨੇ ਆਪਣੀ ਪਤਨੀ ਦੇ ਸਿਰ ’ਚ ਇੱਟਾਂ ਮਾਰ-ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਰੌਲਾ ਸੁਣ ਕੇ ਪੁੱਜੇ ਗੁਆਂਢੀਆਂ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਮਗਰੋਂ ਮੁਹੱਲਾ ਵਾਸੀਆਂ ਨੂੰ ਸਥਾਨਕ ਪੁਲੀਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਮਗਰੋਂ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ।
ਏਐੱਸਆਈ ਸਿੰਦਰ ਸਿੰਘ ਅਨੁਸਾਰ ਅਸ਼ੋਕ ਕੁਮਾਰ ਹਰਿਆਣਾ ਅਤੇ ਉਸ ਦੀ ਪਤਨੀ ਨਿਸ਼ਾ ਗੁਜਰਾਤ ਸੂਬੇ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਦੋ ਬੱਚੇ 15 ਸਾਲਾ ਲੜਕੀ ਤੇ 10 ਸਾਲਾ ਲੜਕਾ ਹਨ।