ਨਸ਼ੀਲਾ ਪਦਾਰਥ ਮੰਗਵਾਉਣ ਦੇ ਦੋਸ਼ ਹੇਠ ਇਕ ਹੋਰ ਕਾਬੂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 15 ਅਪਰੈਲ
ਜਿਲਾ ਪੁਲੀਸ ਨੇ ਨਸ਼ੀਲਾ ਪਦਾਰਥ ਮੰਗਵਾਉਣ ਦੇ ਦੋਸ਼ ਹੇਠ ਇੱਕ ਹੋਰ ਮੁਲਜ਼ਮ ਨਰਪਿੰਦਰ ਸਿੰਘ ਵਾਸੀ ਜ਼ਿਲ੍ਹਾ ਕੁਰੂਕਸ਼ੇਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੁਲੀਸ ਦੇ ਬੁਲਾਰੇ ਨੇ ਦਿੰਦਿਆਂ ਦੱਸਿਆ ਕਿ 12 ਫਰਵਰੀ 2023 ਨੂੰ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਐੱਸਆਈ ਮਨਦੀਪ ਸਿੰਘ ਦੀ ਅਗਵਾਈ ਹੇਠ ਅਪਰਾਧ ਦੀ ਭਾਲ ਵਿੱਚ ਪਿਪਲੀ ਚੌਕ ’ਤੇ ਮੌਜੂਦ ਸੀ। ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਐੱਨਐੱਚ 44 ’ਤੇ ਉਮਰੀ ਦੇ ਕੋਲ ਹਰਵਿੰਦਰ ਸਿੰਘ ਵਾਸੀ ਖੰਨਾ ਜ਼ਿਲ੍ਹਾ ਲੁਧਿਆਣਾ ਤੇ ਕੁਲਵਿੰਦਰ ਸਿੰਘ ਵਾਸੀ ਉਦਲਪੁਰ ਪੰਜਾਬ ਟਰੱਕ ਨੰਬਰ ਪੀਬੀ 10 ਐੱਫਐਫ 8499 ਸਣੇ ਕਾਬੂ ਕੀਤਾ ਸੀ। ਟਰੱਕ ਦੀ ਤਲਾਸ਼ੀ ਲੈਣ ’ਤੇ 115 ਕਿੱਲੋ ਚੂਰਾਪੋਸਤ ਤੇ 3 ਕਿੱਲੋ ਅਫੀਮ ਬਰਾਮਦ ਹੋਈ ਸੀ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਗ੍ਰਿਫਤਾਰ ਕਰ ਲਿਆ ਸੀ। ਇਸ ਸਬੰਧੀ 7 ਅਪਰੈਲ 2025 ਨੂੰ ਪੁਲੀਸ ਨੇ ਨਸ਼ੀਲਾ ਪਦਾਰਥ ਮੰਗਵਾਉਣ ਦੇ ਦੋਸ਼ ਹੇਠ ਮੁਲਜ਼ਮ ਬਲਜੀਤ ਸਿੰਘ ਵਾਸੀ ਜ਼ਿਲ੍ਹਾ ਕੁਰੂਕਸ਼ੇਤਰ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਇਲਾਵਾ ਪੁਲੀਸ ਨੇ ਨਸ਼ੀਲਾ ਪਦਾਰਥ ਮੰਗਵਾਉਣ ਦੇ ਮੁਲਜ਼ਮ ਅਮਨਦੀਪ ਉਰਫ ਸਾਹਿਲ ਵਾਸੀ ਜ਼ਿਲ੍ਹਾ ਮੋਗਾ ਪੰਜਾਬ ਤੇ ਸੁਨੀਲ ਕੁਮਾਰ ਵਾਸੀ ਮੋਗਾ ਪੰਜਾਬ ਨੂੰ ਗ੍ਰਿਫਤਾਰ ਕਰ ਲਿਆ ਸੀ। 13 ਅਪਰੈਲ 2025 ਨੂੰ ਪੁਲੀਸ ਟੀਮ ਨੇ ਐੱਸਆਈ ਸੁਰਿੰਦਰ ਪਾਲ ਦੀ ਅਗਵਾਈ ਹੇਠ ਨਸ਼ੀਲਾ ਪਦਾਰਥ ਮੰਗਾਉਣ ਦੇ ਮੁਲਜ਼ਮ ਨਰਪਿੰਦਰ ਸਿੰਘ ਵਾਸੀ ਜ਼ਿਲ੍ਹਾ ਕੁਰੂਕਸ਼ੇਤਰ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਤੇ ਅਦਾਲਤ ਦੇ ਹੁਕਮਾਂ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।