ਪੰਚਾਇਤੀ ਰਾਜ ਵਿਭਾਗ ਦੀ ਟੀਮ ਨੇ ਨਾਜਾਇਜ਼ ਕਬਜ਼ਾ ਹਟਾਇਆ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 23 ਅਪਰੈਲ
ਪੰਚਾਇਤੀ ਰਾਜ ਵਿਭਾਗ ਦੀ ਟੀਮ ਨੇ ਅੱਜ ਪਿੰਡ ਐੱਮਪੀ ਸੋਤਰ ਵਿਚ ਇਕ ਵਿਅਕਤੀ ਵੱਲੋਂ ਪੰਚਾਇਤ ਦੀ ਲੱਖਾਂ ਰੁਪਏ ਦੀ ਜ਼ਮੀਨ ’ਤੇ ਕੀਤੇ ਕਬਜ਼ੇ ਨੂੰ ਜੇਸੀਬੀ ਦੀ ਸਹਾਇਤਾ ਨਾਲ ਹਟਾ ਦਿੱਤਾ। ਇਸ ਸਬੰਧੀ ਉਪ ਮੰਡਲ ਅਧਿਕਾਰੀ ਪੰਚਾਇਤੀ ਰਾਜ ਕੁਲਦੀਪ ਸਿੰਘ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਸੀ, ਜਦੋਂਕਿ ਕਾਰਵਾਈ ਦੌਰਾਨ ਸੀਨੀਅਰ ਜੇਈ ਸੁਸ਼ੀਲ ਬਿਸ਼ਨੋਈ, ਸਰਪੰਚ, ਪੰਚਾਇਤ ਸਕੱਤਰ ਜਾਰਜ ਸਿੰਘ ਪੁਲੀਸ ਕਰਮਚਾਰੀ ਅਤੇ ਨੰਬਰਦਾਰ ਵੀ ਮੌਕੇ ’ਤੇ ਮੌਜੂਦ ਰਹੇ। ਪਿੰਡ ਐੱਮਪੀ ਸੋਤਰਾ ਵਿਚ ਖਸਰਾ ਨੰਬਰ 284 ਅਤੇ 286 ਦੀ ਜ਼ਮੀਨ ’ਤੇ ਆਂਗਣਵਾੜੀ ਬਣਨ ਦਾ ਮਤਾ ਮਨਜ਼ੂਰ ਕੀਤਾ ਗਿਆ ਸੀ। ਇਸ ਸਬੰਧੀ ਪੰਚਾਇਤ ਨੇ ਆਂਗਣਵਾੜੀ ਨਿਰਮਾਣ ਲਈ ਕਰੀਬ 12 ਲੱਖ ਰੁਪਏ ਦੀ ਲਾਗਤ ਨਾਲ ਟੈਂਡਰ ਵੀ ਲਗਾ ਦਿੱਤਾ ਸੀ ਪਰ ਇਸ ਜ਼ਮੀਨ ਤੇ ਪਿੰਡ ਦੇ ਵਿਅਕਤੀ ਵੱਲੋਂ ਨਾਜਾਇਜ਼ ਰੂਪ ਵਿਚ ਕਬਜ਼ਾ ਕੀਤਾ ਹੋਇਆ ਸੀ। ਆਂਗਣਵਾੜੀ ਸੈਂਟਰ ਦਾ ਨਿਰਮਾਣ ਕਾਰਜ ਪ੍ਰਭਾਵਿਤ ਹੋਣ ਕਾਰਨ ਸਰਪੰਚ ਅਤੇ ਹੋਰ ਲੋਕਾਂ ਨੇ ਐੱਸਡੀਐੱਮ ਨੂੰ ਸ਼ਿਕਾਇਤ ਦੇ ਕੇ ਕਬਜ਼ਾ ਹਟਾਉਣ ਦੀ ਮੰਗ ਕੀਤੀ ਸੀ। ਇਸ ਬਾਅਦ ਐੱਸਡੀਐੱਮ ਵੱਲੋਂ ਕਬਜ਼ਾ ਹਟਾਉਣ ਦੇ ਨਿਰਦੇਸ਼ ਵੀ ਦਿੱਤੇ ਗਏ। ਐੱਸਡੀਐੱਮ ਨੇ ਕਬਜ਼ਾ ਹਟਾਓ ਕਾਰਵਾਈ ਲਈ ਪੰਚਾਇਤੀ ਰਾਜ ਵਿਭਾਗ ਦੇ ਉਪ ਮੰਡਲ ਅਧਿਕਾਰੀ ਕੁਲਦੀਪ ਸਿੰਘ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕਰ ਦਿੱਤਾ ਸੀ। ਅੱਜ ਡਿਊਟੀ ਮੈਜਿਸਟਰੇਟ ਕੁਲਦੀਪ ਸਿੰਘ ਦੀ ਅਗਵਾਈ ਹੇਠ ਪੰਚਾਇਤੀ ਰਾਜ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚ ਕੇ ਕਾਰਵਾਈ ਨੂੰ ਅੰਜਾਮ ਦਿੱਤਾ। ਜਦੋਂ ਟੀਮ ਕਬਜ਼ਾ ਹਟਾਉਣ ਲਈ ਮੌਕੇ ’ਤੇ ਪਹੁੰਚੀ ਤਾਂ ਕਬਜ਼ਾਧਾਰਕਾਂ ਨੇ ਟੀਮ ਦਾ ਵਿਰੋਧ ਕੀਤਾ। ਕਬਜ਼ਾਧਾਰਕਾਂ ਨੇ ਟੀਮ ਦੇ ਸਾਹਮਣੇ ਕੁੱਝ ਦਸਤਾਵੇਜ਼ ਵੀ ਦਿਖਾਏ। ਮਗਰੋਂ ਟੀਮ ਵੱਲੋਂ ਕਬਜ਼ਾ ਹਟਾਓ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।