ਭਲਕੇ ਮੇਅਰ ਦੀ ਚੋਣ ਲਈ ਤਿਆਰੀਆਂ ਮੁਕੰਮਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਪਰੈਲ
ਨਿਗਮ ਸਕੱਤਰੇਤ ਨੇ ਚੋਣਾਂ ਲਈ 25 ਅਪਰੈਲ ਨੂੰ ਸਿਵਿਕ ਸੈਂਟਰ ਦੇ ਏ-ਬਲਾਕ ਵਿੱਚ ਹੋਣ ਵਾਲੀ ਹਾਊਸ ਮੀਟਿੰਗ ਸਬੰਧੀ ਕੌਂਸਲਰਾਂ ਦੇ ਨਾਲ-ਨਾਲ ਮੀਡੀਆ ਲਈ ਵੀ ਨਿਯਮ ਤੈਅ ਕੀਤੇ ਹਨ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਐਮਸੀਡੀ ਨੇ ਸਪੱਸ਼ਟ ਕੀਤਾ ਹੈ ਕਿ ਸਿਰਫ਼ ਉਨ੍ਹਾਂ ਕੌਂਸਲਰਾਂ, ਕਰਮਚਾਰੀਆਂ ਅਤੇ ਮੀਡੀਆ ਪ੍ਰਤੀਨਿਧਾਂ ਨੂੰ ਹੀ ਦਾਖ਼ਲੇ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਕੋਲ ਇਸ ਸਬੰਧੀ ਪਛਾਣ ਪੱਤਰ ਹਨ। ਹਰ ਕਿਸੇ ਲਈ ਦਾਖਲੇ ਸਮੇਂ ਪਛਾਣ ਪੱਤਰ ਦਿਖਾਉਣਾ ਲਾਜ਼ਮੀ ਹੋਵੇਗਾ। ਏ-ਬਲਾਕ ਸਥਿਤ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਪਛਾਣ ਪੱਤਰ ਦਿਖਾਉਣਾ ਹੋਵੇਗਾ। ਆਮ ਨਾਗਰਿਕਾਂ ਨੂੰ ਕਿਸੇ ਵੀ ਹਾਲਤ ਵਿੱਚ ਏ-ਬਲਾਕ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਵੋਟਿੰਗ ਪ੍ਰਕਿਰਿਆ ਦੌਰਾਨ ਪੋਲਿੰਗ ਬੂਥ ਦੇ ਅੰਦਰ ਮੋਬਾਈਲ ਜਾਂ ਕੋਈ ਹੋਰ ਯੰਤਰ ਲੈ ਕੇ ਜਾਣ ਦੀ ਮਨਾਹੀ ਹੋਵੇਗੀ। ਚੋਣਾਂ ਵਾਲੇ ਦਿਨ ਉਮੀਦਵਾਰਾਂ ਨੂੰ ਸਮਰਥਕ ਲਿਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਬਾਹਰੀ ਵਾਹਨਾਂ ਨੂੰ ਵੀ ਸਿਵਿਕ ਸੈਂਟਰ ਦੇ ਅੰਦਰ ਜਾਣ ਦੀ ਆਗਿਆ ਨਹੀਂ ਹੋਵੇਗੀ।
ਵਿਧਾਨ ਸਭਾ ਹਾਲ ਵਿੱਚ ਚੁਣੇ ਗਏ ਮੇਅਰ ਜਾਂ ਡਿਪਟੀ ਮੇਅਰ ਦੇ ਸਵਾਗਤ ਜਾਂ ਸਨਮਾਨ ਸਮਾਰੋਹ ’ਤੇ ਪਾਬੰਦੀ ਹੋਵੇਗੀ। ਮੀਡੀਆ ਵਾਲਿਆਂ ਨੂੰ ਸਿਰਫ਼ ਵਿਧਾਨ ਸਭਾ ਹਾਲ ਦੀ ਮੀਡੀਆ ਗੈਲਰੀ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੌਂਸਲਰਾਂ ਦੀਆਂ ਗੱਡੀਆਂ ਨੂੰ ਬੇਸਮੈਂਟ ਵਿੱਚ ਹੀ ਪਾਰਕ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਪ੍ਰਦੇਸ਼ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਦਿੱਲੀ ਨੂੰ ਜਲਦੀ ਹੀ ਭਾਜਪਾ ਦਾ ਮੇਅਰ ਮਿਲੇਗਾ। ਤੀਹਰੇ ਇੰਜਣ ਵਾਲੀ ਸਰਕਾਰ ਹੋਵੇਗੀ ਅਤੇ ਹਰ ਕਿਸੇ ਨੂੰ ਨਿਗਮ ਦੀਆਂ ਸੁਖਾਵਾਂ ਸਹੂਲਤਾਂ ਮਿਲਣਗੀਆਂ। ‘ਆਪ’ ਵੱਲੋਂ ਮੇਅਰ ਦੀ ਚੋਣ ਨਾ ਲੜਨ ਦਾ ਐਲਾਨ ਕੋਈ ਸਿਆਸੀ ਕੁਰਬਾਨੀ ਨਹੀਂ ਸਗੋਂ ਨਿਸ਼ਚਿਤ ਹਾਰ ਨੂੰ ਸਵੀਕਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਸੌਰਭ ਭਾਰਦਵਾਜ ਅਤੇ ਆਤਿਸ਼ੀ ਵੱਲੋਂ ਭਾਜਪਾ ‘ਤੇ ਕੌਂਸਲਰਾਂ ਨੂੰ ਖ਼ਰੀਦ ਕੇ ਸੱਤਾ ਹਾਸਲ ਕਰਨ ਦਾ ਦੋਸ਼ ਲਾਉਣਾ ਨਾ ਸਿਰਫ਼ ਹਾਸੋਹੀਣਾ ਹੈ, ਸਗੋਂ ਉਨ੍ਹਾਂ ਦੀ ਲੀਡਰਸ਼ਿਪ ਦੀ ਸਿਆਸੀ ਅਤੇ ਪ੍ਰਸ਼ਾਸਨਿਕ ਨਾਕਾਮੀ ਵੀ ਹੈ। ਇਹ ਭਾਜਪਾ ‘ਤੇ ਆਪਣੀਆਂ ਗਲਤੀਆਂ ਥੋਪਣ ਵਾਂਗ ਹੈ। 2022 ‘ਚ ‘ਆਪ’ ਦੀ ਟਿਕਟ ‘ਤੇ ਬਹੁਮਤ ਨਾਲ ਜਿੱਤਣ ਵਾਲੇ ਜ਼ਿਆਦਾਤਰ ਕੌਂਸਲਰਾਂ ਨੂੰ ਉਮੀਦ ਸੀ ਕਿ ਉਹ ਜਨਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਪਰ ਨਿਗਮ ਦੇ ਗਠਨ ਨੂੰ ਢਾਈ ਸਾਲ ਤੱਕ ਪੂਰਾ ਨਹੀਂ ਹੋਣ ਦਿੱਤਾ ਗਿਆ, ਜਿਸ ਕਾਰਨ ਨਿਗਮ ਦਾ ਵਿਕਾਸ ਠੱਪ ਹੋ ਕੇ ਰਹਿ ਗਿਆ।
ਉਨ੍ਹਾਂ ਕਿਹਾ ਕਿ ‘ਆਪ’ ਕੌਂਸਲਰ ਆਪਣੀ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਪਾਰਟੀ ਛੱਡ ਚੁੱਕੇ ਹਨ। ਦਿੱਲੀ ਵਿੱਚ ਪਹਿਲੀ ਵਾਰ, ਭਾਜਪਾ ਦੀ ਤੀਹਰੀ ਇੰਜਣ ਵਾਲੀ ਸਰਕਾਰ ਕੇਂਦਰ, ਵਿਧਾਨ ਸਭਾ ਅਤੇ ਨਿਗਮ ਵਿੱਚ ਸਾਰੇ ਸੱਤ ਲੋਕ ਸਭਾ ਸੰਸਦ ਮੈਂਬਰਾਂ ਨਾਲ ਸੱਤਾ ਵਿੱਚ ਆ ਰਹੀ ਹੈ।
ਕਾਂਗਰਸੀਆਂ ਨੇ ਸਰਗਰਮੀਆਂ ਤੇਜ਼ ਕੀਤੀਆਂ
ਕਾਂਗਰਸ ਨੇ ਮੇਅਰ-ਡਿਪਟੀ ਮੇਅਰ ਚੋਣਾਂ ਨੂੰ ਲੈ ਕੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਨੇ ਸਾਬਕਾ ਮੇਅਰ ਫਰਹਾਦ ਸੂਰੀ ਅਤੇ ਕੌਂਸਲਰ ਪਾਰਟੀ ਆਗੂ ਨਾਜ਼ੀਆ ਡੈਨਿਕਸ ਨੂੰ ਜ਼ਿੰਮੇਵਾਰੀ ਸੌਂਪੀ ਹੈ। ਕਾਂਗਰਸ ਨੇ ‘ਆਪ’ ਅਤੇ ਭਾਜਪਾ ਦੇ ਕੌਂਸਲਰਾਂ ਤੋਂ ਹੀ ਸਮਰਥਨ ਲੈਣ ਦਾ ਫੈਸਲਾ ਕੀਤਾ ਹੈ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਚੋਣਾਂ ਇੱਕ ਲੋਕਤੰਤਰੀ ਪ੍ਰਕਿਰਿਆ ਹੈ ਜਿਸ ਵਿੱਚ ਸਾਰੇ ਵੋਟਰਾਂ ਨਾਲ ਸੰਪਰਕ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਉਹ ਕਿਸੇ ਵੀ ਪਾਰਟੀ ਦੇ ਕੌਂਸਲਰਾਂ ਤੋਂ ਸਮਰਥਨ ਲੈਣ ਤੋਂ ਨਹੀਂ ਝਿਜਕਣਗੇ।