ਮਕਾਨ ਦੀ ਛੱਤ ਡਿੱਗਣ ਕਾਰਨ ਤਿੰਨ ਹਲਾਕ
ਰਤਨ ਸਿੰਘ ਢਿੱਲੋਂ/ਸਰਬਜੀਤ ਸਿੰਘ ਭੱਟੀ
ਅੰਬਾਲਾ, 30 ਅਪਰੈਲ
ਸ਼ਹਿਰ ਦੇ ਮੋਤੀ ਨਗਰ ’ਚ ਮਕਾਨ ਦੀ ਛੱਤ ਡਿੱਗਣ ਕਾਰਨ ਖਾਣਾ ਖਾ ਰਹੇ ਪਤੀ, ਪਤਨੀ ਅਤੇ ਬੱਚੇ ਦੀ ਮੌਤ ਹੋ ਗਈ, ਜਦੋਂਕਿ ਮਕਾਨ ਦੇ ਬਾਹਰ ਖੇਡ ਰਹੀ ਸੱਤ ਸਾਲਾ ਧੀ ਖਤੀਜਾ ਬਚ ਗਈ। ਘਰ ਵਿੱਚ ਰਹਿਣ ਵਾਲੀ ਬਜ਼ੁਰਗ ਮਾਤਾ ਹਾਦਸੇ ਵੇਲੇ ਘਰ ਤੋਂ ਬਾਹਰ ਗਈ ਹੋਈ ਸੀ। ਜਾਣਕਾਰੀ ਅਨੂਸਾਰ ਰਾਜੂ ਮੁਹੰਮਦ (35), ਅਨੂ (32) ਅਤੇ ਨੂਰ ਅਹਿਮਦ (5) ਦੁਪਹਿਰ ਵੇਲੇ ਘਰ ’ਚ ਖਾਣਾ ਖਾ ਰਹੇ ਸਨ। ਇਸ ਦੌਰਾਨ ਅਚਾਨਕ ਘਰ ਦੀ ਛੱਤ ਡਿੱਗ ਗਈ। ਗੁਆਂਢੀਆਂ ਨੇ ਆਵਾਜ਼ ਸੁਣਦਿਆਂ ਹੀ ਜਦੋਂ ਆ ਕੇ ਦੇਖਿਆ ਤਾਂ ਪਰਿਵਾਰ ਦੇ ਤਿੰਨ ਜੀਅ ਮਲਬੇ ਥੱਲੇ ਆ ਗਏ ਸਨ। ਗੁਆਂਢੀਆਂ ਨੇ ਪੁਲੀਸ ਨੂੰ ਸੂਚਨਾ ਦਿੱਤੀ।
ਐੱਸਡੀਐੱਮ ਦਰਸ਼ਨ ਕੁਮਾਰ ਨੇ ਕਿਹਾ ਕਿ ਮਕਾਨ ਦੀ ਛੱਤ ਕੱਚੀ ਸੀ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਫਾਇਰ ਬ੍ਰਿਗੇਡ ਤੇ ਪੁਲੀਸ ਦੀ ਟੀਮ ਨੇ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਰਾਜੂ ਮੁਹੰਮਦ ਗੁਬਾਰੇ ਵੇਚ ਕੇ ਗੁਜ਼ਾਰਾ ਕਰਦਾ ਸੀ।
ਜਾਣਕਾਰੀ ਅਨੁਸਾਰ ਪਰਿਵਾਰ ਮੂਲ ਰੂਪ ਵਿੱਚ ਅੰਬਾਲਾ ਦਾ ਹੀ ਵਸਨੀਕ ਸੀ। ਪਰਿਵਾਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਮਕਾਨ ਛੱਤ ਕੱਚੀ ਸੀ। ਅਚਾਨਕ ਗਾਰਡਰ ਅਤੇ ਬਾਲੇ ਹੇਠਾਂ ਬੈਠੇ ਪਰਿਵਾਰ ਉੱਪਰ ਆ ਡਿੱਗੇ ਅਤੇ ਤਿੰਨ ਜੀਆਂ ਦੀ ਮੌਤ ਹੋ ਗਹੀ।
ਭਾਜਪਾ ਆਗੂ ਸਦਾਮ ਹੁਸੈਨ ਨੇ ਦੱਸਿਆ ਕਿ ਪਰਿਵਾਰ ਦੇ ਕਰਨਾਲ ਰਹਿੰਦੇ ਰਿਸ਼ਤੇਦਾਰਾਂ ਨੂੰ ਹਾਦਸੇ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਦੇ ਅੰਬਾਲਾ ਆਉਣ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਕੱਲੀ ਰਹਿ ਗਈ ਬੱਚੀ ਦਾ ਰੋ-ਰੋ ਕੇ ਬੁਰਾ ਹਾਲ ਹੈ।
