ਖੇਤ ਵਿੱਚੋਂ ਔਰਤ ਦੀ ਲਾਸ਼ ਮਿਲੀ
ਦਵਿੰਦਰ ਸਿੰਘ
ਯਮੁਨਾ ਨਗਰ, 30 ਅਪਰੈਲ
ਇੱਥੋਂ ਦੇ ਬੁੜੀਆ-ਚਨੇਤੀ ਰੋਡ ’ਤੇ ਸੈਣੀ ਫਾਰਮ ਨੇੜੇ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੇ ਘਾਹ ਦੇ ਖੇਤਾਂ ਵਿੱਚੋਂ ਔਰਤ ਦੀ ਲਾਸ਼ ਮਿਲੀ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਸੈਣੀ ਫਾਰਮ ਵਿੱਚ ਰਹਿਣ ਵਾਲੀਆਂ ਕੁਝ ਔਰਤਾਂ ਸਵੇਰੇ ਆਮ ਵਾਂਗ ਘਾਹ ਵੱਢਣ ਲਈ ਪਹੁੰਚੀਆਂ। ਉਨ੍ਹਾਂ ਨੇ ਲਾਸ਼ ਖੇਤ ਵਿੱਚ ਪਈ ਦੇਖੀ ਅਤੇ ਤੁਰੰਤ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਸੈਣੀ ਮਾਜਰਾ ਦੇ ਰਹਿਣ ਵਾਲੇ ਰਾਜੀਵ ਕੁਮਾਰ ਨੇ ਸਥਾਨਕ ਪੁਲੀਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਬੁੜੀਆ ਪੁਲੀਸ ਅਤੇ ਫੋਰੈਂਸਿਕ ਟੀਮ ਸਣੇ ਕਈ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਮਹਿਲਾ ਦੀ ਉਮਰ 30 ਤੋਂ 35 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ, ਪਰ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ। ਪੁਲੀਸ ਅਨੁਸਾਰ ਔਰਤ ਦੀ ਪਛਾਣ ਲੁਕਾਉਣ ਲਈ, ਉਸ ਦੇ ਚਿਹਰੇ ‘ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਹਨ। ਇਸ ਤੋਂ ਇਲਾਵਾ ਗਰਦਨ ’ਤੇ ਵੀ ਡੂੰਘਾ ਕੱਟ ਵੀ ਮਿਲਿਆ ਹੈ। ਸਥਾਨਕ ਲੋਕਾਂ ਅਨੁਸਾਰ ਔਰਤ ਦੇ ਹੱਥਾਂ ਵਿੱਚ ਲਾਲ ਚੂੜਾ ਵੀ ਸੀ। ਥਾਣਾ ਇੰਚਾਰਜ ਨਰਸਿੰਘ ਨੇ ਕਿਹਾ ਕਿ ਪੁਲੀਸ ਔਰਤ ਦੀ ਪਛਾਣ ਸਬੰਧੀ ਕਾਰਵਾਈ ਕਰ ਰਹੀ ਹੈ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਕਤਲ ਕਿੱਥੇ ਕੀਤਾ ਗਿਆ ਸੀ। ਇਨ੍ਹਾਂ ਸਾਰੇ ਪਹਿਲੂਆਂ ਦੀ ਪੁਲੀਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।