ਈਡੀ ਵੱਲੋਂ ਮਨੀ ਲਾਂਡਰਿੰਗ ਕੇਸ ਵਿਚ FIITJEE ਖਿਲਾਫ਼ ਛਾਪੇ
ਨਵੀਂ ਦਿੱਲੀ, 24 ਅਪਰੈਲ
ਐੱਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕੋਚਿੰਗ ਇੰਸਟੀਚਿਊਟ FIITJEE ਖਿਲਾਫ਼ ਮਨੀ ਲਾਂਡਰਿੰਗ ਜਾਂਚ ਦੀ ਕੜੀ ਵਜੋਂ ਵੀਰਵਾਰ ਨੂੰ ਦਿੱਲੀ-ਐਨਸੀਆਰ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ। FIITJEE ਨੇ ਹਾਲ ਹੀ ਵਿੱਚ ਆਪਣੇ ਕੇਂਦਰ ਅਚਾਨਕ ਬੰਦ ਕਰ ਦਿੱਤੇ ਸਨ, ਜਿਸ ਨਾਲ ਕਰੀਬ 12,000 ਵਿਦਿਆਰਥੀ ਦੇ ਭਵਿੱਖ ਨੂੰ ਲੈ ਕੇ ਬੇਯਕੀਨੀ ਬਣ ਗਈ ਸੀ।
ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਅਤੇ ਨਾਲ ਲੱਗਦੇ ਨੋਇਡਾ ਅਤੇ ਗੁਰੂਗ੍ਰਾਮ ਵਿੱਚ ਕੋਚਿੰਗ ਇੰਸਟੀਚਿਊਟ ਦੇ ਪ੍ਰਮੋਟਰ ਡੀਕੇ ਗੋਇਲ ਅਤੇ ਕੁਝ ਹੋਰਨਾਂ ਨਾਲ ਸਬੰਧਤ ਅੱਠ ਥਾਵਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਤਹਿਤ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਜਨਵਰੀ ਮਹੀਨੇ ਦੇਸ਼ ਭਰ ਵਿੱਚ ਕਈ FIITJEE ਕੇਂਦਰ ਬਿਨਾਂ ਕਿਸੇ ਨੋਟਿਸ ਦੇ ਅਚਾਨਕ ਬੰਦ ਹੋ ਗਏ। ਮਾਪਿਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਪੂਰੇ ਸਾਲ ਲਈ ਪੇਸ਼ਗੀ ਭੁਗਤਾਨ ਕੀਤਾ ਸੀ ਅਤੇ FIITJEE ਕੇਂਦਰਾਂ ਨੇ ਉਨ੍ਹਾਂ ਨੂੰ ਆਪਣੇ ਅਚਾਨਕ ਬੰਦ ਹੋਣ ਬਾਰੇ ਸੂਚਿਤ ਨਹੀਂ ਕੀਤਾ, ਜਿਸ ਨਾਲ 12,000 ਵਿਦਿਆਰਥੀਆਂ ਦੇ ਭਵਿੱਖ ਬਾਰੇ ਬੇਯਕੀਨੀ ਹੈ।
ਨੋਇਡਾ ਅਤੇ ਦਿੱਲੀ ਪੁਲੀਸ ਵੱਲੋਂ ਇਨ੍ਹਾਂ ਮਾਪਿਆਂ ਦੀਆਂ ਸ਼ਿਕਾਇਤਾਂ ’ਤੇ ਦਰਜ ਐੱਫਆਈਆਰ ਤੋਂ ਬਾਅਦ ਮਨੀ ਲਾਂਡਰਿੰਗ ਦਾ ਮਾਮਲਾ ਬਣਿਆ ਹੈ। ਈਡੀ ਕੋਚਿੰਗ ਸੈਂਟਰਾਂ ਤੋਂ ਲਏ ਗਏ ਫੰਡਾਂ ਨੂੰ ਨਿੱਜੀ ਲਾਭ ਅਤੇ ਹੋਰ ਸੰਸਥਾਵਾਂ ਵੱਲ ‘ਡਾਇਵਰਟ’ ਕਰਨ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। FIITJEE ਨੇ ਇੰਜੀਨੀਅਰਿੰਗ ਦੇ ਚਾਹਵਾਨਾਂ ਨੂੰ IIT ਦਾਖਲਾ ਸਮੇਤ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਪ੍ਰਦਾਨ ਕੀਤੀ ਅਤੇ ਦੇਸ਼ ਭਰ ਵਿੱਚ ਇਸ ਦੇ 73 ਕੇਂਦਰ ਹਨ। -ਪੀਟੀਆਈ