ਨਸ਼ਾ ਤਸਕਰਾਂ ਦੇ ਘਰ ’ਤੇ ਚੱਲ ਰਹੇ ਨੇ ਬੁਲਡੋਜ਼ਰ: ਸਿਸੋਦੀਆ
ਗਗਨਦੀਪ ਅਰੋੜਾ
ਲੁਧਿਆਣਾ, 1 ਅਪਰੈਲ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਤੇ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਲੁਧਿਆਣਾ ’ਚ ਨਸ਼ਿਆਂ ਦੇ ਮੁੱਦੇ ’ਤੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ‘ਆਪ’ ਸੰਗਠਨ ਦੇ ਆਗੂਆਂ ਨਾਲ ਹੋਈ ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਕਿ ਹੁਣ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦਾ ਸੰਗਠਨ ਮਿਲ ਕੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣਗੇ ਤਾਂ ਜੋ ਪੰਜਾਬ ਵਿੱਚੋਂ ਨਸ਼ੇ ਨੂੰ ਜਲਦੀ ਤੋਂ ਜਲਦੀ ਖ਼ਤਮ ਕੀਤਾ ਜਾ ਸਕੇ। ਆਗੂਆਂ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਸੰਗਠਨ ਦੀ ਮੀਟਿੰਗਾਂ ਵਿੱਚ ਸੱਤਾ ਹਾਸਲ ਕਰਨ ਬਾਰੇ ਚਰਚਾ ਕੀਤੀ ਜਾਂਦੀ ਹੈ, ਜਦੋਂਕਿ ਆਮ ਆਦਮੀ ਪਾਰਟੀ ਦੀਆਂ ਮੀਟਿੰਗਾਂ ਵਿੱਚ ਲੋਕਾਂ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਜਾਂਦੀ ਹੈ।
ਕਾਂਗਰਸ, ਭਾਜਪਾ ਅਤੇ ਅਕਾਲੀ ਦਲ ’ਤੇ ਦੋਸ਼ ਲਾਉਂਦਿਆਂ ਸ੍ਰੀ ਸਿਸੋਦੀਆ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਨਸ਼ਾ ਤਸਕਰਾਂ ਨੂੰ ਸਿਆਸੀ ਸੁਰੱਖਿਆ ਦੇਣ ਕਾਰਨ ਹੀ ਪੰਜਾਬ ’ਚ ਨਸ਼ਾ ਫੈਲਿਆ। ਇਸ ਦੇ ਨਾਲ ਹੀ ‘ਆਪ’ ਸਰਕਾਰ ਨਸ਼ਿਆਂ ਨਾਲ ਜੁੜੇ ਲੋਕਾਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਅਤੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਸ਼ਾ ਤਸਕਰਾਂ ਨੂੰ ਬਚਾਉਣ ਲਈ ਪੰਜਾਬ ਪੁਲੀਸ ਦੀ ਵਰਤੋਂ ਕੀਤੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਪੁਲੀਸ ਰਾਹੀਂ ਨਸ਼ਿਆਂ ਦਾ ਖਾਤਮਾ ਕਰ ਰਹੀ ਹੈ। ਪਿਛਲੇ ਇੱਕ ਮਹੀਨੇ ਦੌਰਾਨ ਨਸ਼ਾ ਤਸਕਰਾਂ ਖ਼ਿਲਾਫ਼ 2500 ਦੇ ਕਰੀਬ ਕੇਸ ਦਰਜ ਕੀਤੇ ਗਏ ਹਨ ਅਤੇ 4500 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਸ਼ਾ ਤਸਕਰਾਂ ਦੇ 54 ਘਰ ਢਾਹ ਦਿੱਤੇ ਗਏ ਅਤੇ 51 ਐਨਕਾਊਂਟਰ ਕੀਤੇ ਗਏ।
ਇਸ ਤੋਂ ਇਲਾਵਾ ਕਰੀਬ 65 ਲੱਖ ਰੁਪਏ ਦੀ ਡਰੱਗ ਮਨੀ ਅਤੇ 7 ਲੱਖ ਨਸ਼ੀਲੇ ਕੈਪਸੂਲ ਅਤੇ ਭਾਰੀ ਮਾਤਰਾ ਵਿੱਚ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਹ ਅੰਕੜੇ ਦੱਸਦੇ ਹਨ ਕਿ ‘ਆਪ’ ਸਰਕਾਰ ਨਸ਼ਿਆਂ ਪ੍ਰਤੀ ਕਿੰਨੀ ਗੰਭੀਰ ਹੈ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਸ਼ਿਆਂ ਨਾਲ ਜੁੜੇ ਲੋਕਾਂ ਨੂੰ ਹੁਣ ਆਪਣਾ ਕਾਰੋਬਾਰ ਬੰਦ ਕਰਨਾ ਪਵੇਗਾ ਨਹੀਂ ਤਾਂ ਜੇਲ੍ਹ ਜਾਣ ਲਈ ਤਿਆਰ ਰਹਿਣਾ ਪਵੇਗਾ। ‘ਆਪ’ ਸਰਕਾਰ ਵੱਲੋਂ ਇੱਕ ਵੀ ਨਸ਼ਾ ਤਸਕਰ ਬਖਸ਼ਿਆ ਨਹੀਂ ਜਾਵੇਗਾ।
ਲੁਧਿਆਣਾ: ਐੱਨਸੀਸੀ ਕੈਡੇਟ ਤੇ ਐੱਨਐੱਸਐੱਸ ਵਾਲੰਟੀਅਰ ਚੁੱਕਣਗੇ ਸਹੁੰ
ਸ੍ਰੀ ਸਿਸੋਦੀਆ ਨੇ ਕਿਹਾ ਕਿ ਬੁੱਧਵਾਰ ਨੂੰ ਲੁਧਿਆਣਾ ਤੋਂ ਨਸ਼ਿਆਂ ਵਿਰੁੱਧ ਇੱਕ ਹੋਰ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਹਜ਼ਾਰਾਂ ਐੱਨ.ਸੀ.ਸੀ ਅਤੇ ਐੱਨ.ਐੱਸ.ਐੱਸ ਦੇ ਬੱਚੇ ਨਸ਼ੇ ਨਾ ਕਰਨ ਦੀ ਸਹੁੰ ਚੁੱਕਣਗੇ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਨਸ਼ਾ ਨਾ ਕਰਨ ਲਈ ਪ੍ਰੇਰਿਤ ਕਰਨਗੇ। ਸਿਸੋਦੀਆ ਨੇ ਕਿਹਾ ਕਿ ਇਹ ਬੱਚੇ ਭਲਕੇ ਲੁਧਿਆਣਾ ਦੀਆਂ ਸੜਕਾਂ ’ਤੇ ਉਤਰ ਕੇ ਦੁਕਾਨਦਾਰਾਂ, ਰਾਹਗੀਰਾਂ ਅਤੇ ਸਥਾਨਕ ਲੋਕਾਂ ਨੂੰ ਨਸ਼ਾ ਨਾ ਕਰਨ ਦੀ ਸਹੁੰ ਚੁਕਾਉਣਗੇ ਅਤੇ ਪੂਰੇ ਸ਼ਹਿਰ ’ਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣਗੇ। ਇਸ ਤੋਂ ਇਲਾਵਾ ਭਲਕੇ ਤੋਂ ਆਮ ਆਦਮੀ ਪਾਰਟੀ ਦੇ ਸਮੂਹ ਵਰਕਰ ਵੀ ਆਪੋ-ਆਪਣੇ ਇਲਾਕਿਆਂ ਵਿੱਚ ਘੁੰਮ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨਗੇ।Advertisementਕਾਂਗਰਸੀਆਂ ਵੱਲੋਂ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ
ਲੁਧਿਆਣਾ: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਰਤੀ ਗਈ ਸ਼ਬਦਾਵਲੀ ਖ਼ਿਲਾਫ਼ ਸ਼ਹਿਰ ਦੇ ਕਾਂਗਰਸੀ ਗੁੱਸੇ ਵਿੱਚ ਹਨ। ਕਾਂਗਰਸੀਆਂ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੈ ਤਲਵਾੜ ਦੀ ਅਗਵਾਈ ਵਿੱਚ ਮੁੱਖ ਮੰਤਰੀ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੈ ਤਲਵਾੜ ਨੇ ਕਿਹਾ ਕਿ ਆਪਣੀ ਪਾਰਟੀ ਵਿੱਚ ਆਪਣੇ ਪ੍ਰਤੀ ਹੋ ਰਹੇ ਵਿਰੋਧ ਨੂੰ ਦੇਖਦੇ ਹੋਏ ਪਾਰਟੀ ਵਿੱਚੋਂ ਕਿਨਾਰਾ ਕਰਨ ਲਈ ਅਤੇ ਗ੍ਰਹਿ-ਮੰਤਰੀ ਅਮਿਤ ਸ਼ਾਹ ਨਾਲ ਸਬੰਧ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਜਾਣਬੁੱਝ ਕੇ ਰਾਹੁਲ ਗਾਂਧੀ ਖਿਲਾਫ਼ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ 4080 ਕਿਲੋ ਮੀਟਰ ਦੀ ਪੈਦਲ ਭਾਰਤ ਜੋੜੋ ਯਾਤਰਾ ਕੱਢ ਕੇ ਦੇਸ਼ ਦੇ ਹਰ ਵਰਗ ਦੇ ਲੋਕਾਂ ਨੂੰ ਜੋੜਨ ਦੀ ਗੱਲ ਕੀਤੀ ਹੈ। ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਰਾਂ ਝੂਠ ਬੋਲਕੇ ਜਨਤਾ ਨੂੰ ਬੇਵਕੂਫ ਨਹੀਂ ਬਣਾਉਂਦੇ। ਰਾਹੁਲ ਗਾਂਧੀ ਪ੍ਰਤੀ ਦੇਸ਼ ਦੇ ਲੋਕਾਂ ਵਿੱਚ ਵਧ ਰਹੇ ਪਿਆਰ ਅਤੇ ਸਤਿਕਾਰ ਨੂੰ ਦੇਖ ਕੇ ਵਿਰੋਧੀ ਪਾਰਟੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਰਾਹੁਲ ਗਾਂਧੀ ਦੇ ਨਾਮ ਨੂੰ ਖਰਾਬ ਕਰਨ ਦੀਆ ਸਾਜਿਸ਼ਾਂ ਰਚ ਰਹੇ ਹਨ ਪਰ ਉਨ੍ਹਾਂ ਦੀਆਂ ਸਾਜਿਸ਼ਾਂ ਨੂੰ ਦੇਸ਼ ਭਰ ਦੇ ਲੋਕ ਕਾਮਯਾਬ ਨਹੀਂ ਹੋਣ ਦੇਣਗੇ। ਰੋਸ ਪ੍ਰਦਰਸ਼ਨ ਵਿੱਚ ਕੌਂਸਲਰ ਸ਼ਾਮ ਸੁੰਦਰ ਮਲਹੋਤਰਾ, ਹਰਜਿੰਦਰ ਪਾਲ ਲਾਲੀ, ਮੋਨੂੰ ਖਿੰਡਾ, ਸਰਬਜੀਤ ਸੱਤਾ, ਸੰਜੀਵ ਸ਼ਰਮਾ, ਸਰਬਜੀਤ ਸਿੰਘ ਸਰਹਾਲੀ, ਬਲਜੀਤ ਸਿੰਘ ਮਾਨ, ਗੁਰਪ੍ਰੀਤ ਸਿੰਘ ਗੋਪੀ, ਕਮਲ ਕਿਸ਼ੌਰ ਸਿੱਕਾ, ਸਾਹਿਲ ਕਪੂਰ ਪੱਪਲ, ਜਰਨੈਲ ਸਿੰਘ ਸ਼ਿਮਲਾਪੁਰੀ, ਸੁਰਿੰਦਰ ਕੌਰ, ਆਸ਼ਾ ਗਰਗ, ਨਰੇਸ਼ ਉੱਪਲ ਮੌਜੂਦ ਸਨ। -ਟਨਸ