ਦਿੱਲੀ ਵਿੱਚ ਪਿਛਲੇ ਦੋ ਸਾਲ ਦੇ ਮੁਕਾਬਲੇ ਅਪਰਾਧ ਘਟੇ
ਨਵੀਂ ਦਿੱਲੀ, 14 ਅਪਰੈਲ
ਦਿੱਲੀ ਵਿੱਚ ਪਿਛਲੇ ਦੋ ਸਾਲਾਂ ਦੇ ਮੁਕਾਬਲੇ 2025 ਦੀ ਪਹਿਲੀ ਤਿਮਾਹੀ ਵਿੱਚ ਕਈ ਵੱਡੇ ਅਪਰਾਧਾਂ, ਖਾਸ ਕਰਕੇ ਸੜਕਾਂ ’ਤੇ ਹੋਣ ਵਾਲੇ ਅਪਰਾਧਾਂ ਅਤੇ ਜਬਰ-ਜਨਾਹ ਦੇ ਮਾਮਲਿਆਂ ਵਿੱਚ ਕਮੀ ਦਰਜ ਕੀਤੀ ਗਈ ਹੈ। ਪੁਲੀਸ ਦੇ ਅੰਕੜਿਆਂ ਅਨੁਸਾਰ 2025 ਵਿੱਚ ਝਪਟਮਾਰੀ ਦੀਆਂ ਘਟਨਾਵਾਂ ਵਿੱਚ ਕਾਪੀ ਕਮੀ ਆਈ ਹੈ। ਇਸ ਦੇ 2023 ਵਿੱਚ 1,812 ਅਤੇ 2024 ਵਿੱਚ 1,925 ਮਾਮਲੇ ਸਾਹਮਣੇ ਆਏ ਸਨ, ਜੋ ਇਸ ਸਾਲ ਘੱਟ ਕੇ 1,199 ਰਹਿ ਗਏ ਹਨ। ਇਹ ਅੰਕੜੇ 2023 ਤੋਂ ਬਾਅਦ ਅਪਰਾਧ ਵਿੱਚ 33.82 ਫੀਸਦ ਦੀ ਕਮੀ ਅਤੇ ਪਿਛਲੇ ਸਾਲ ਨਾਲੋਂ 37.69 ਫੀਸਦ ਦੀ ਕਮੀ ਦਰਸਾਉਂਦੇ ਹਨ। ਕੌਮੀ ਰਾਜਧਾਨੀ ਦਿੱਲੀ ਵਿੱਚ 2024 ’ਚ ਲੁੱਟ-ਖੋਹ ਦੇ 424 ਮਾਮਲੇ ਸਾਹਮਣੇ ਆਏ ਸਨ। 2023 ਵਿੱਚ ਇਹ 375 ਸਨ ਅਤੇ ਹੁਣ 2025 ਵਿੱਚ ਇਹ ਗਿਣਤੀ ਘਟ ਕੇ 315 ਹੋ ਗਈ ਹੈ। ਇਸ ਤਰ੍ਹਾਂ ਇਸ ਵਿੱਚ 2023 ਦੇ ਮੁਕਾਬਲੇ 16 ਫੀਸਦ ਅਤੇ 2024 ਦੇ ਮੁਕਾਬਲੇ 25.7 ਫੀਸਦ ਦੀ ਕਮੀ ਹੈ। 2025 ਵਿੱਚ ਜਬਰ-ਜਨਾਹ ਦੇ ਮਾਮਲਿਆਂ ਵਿੱਚ ਵੀ ਗਿਰਾਵਟ ਆਈ ਹੈ। ਇਸ ਸਾਲ ਇਸ ਦੇ 370 ਕੇਸ ਦਰਜ ਕੀਤੇ ਗਏ ਹਨ, ਜੋ 2023 ਵਿੱਚ 422 ਸਨ। ਇਸੇ ਤਰ੍ਹਾਂ ਅਗਵਾ ਦੇ 1360 ਕੇਸ ਦਰਜ ਕੀਤੇ ਗਏ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 1,393 ਕੇਸ ਦਰਜ ਕੀਤੇ ਗਏ ਸਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘ਪਿਛਲੇ ਦੋ ਸਾਲਾਂ ਵਿੱਚ ਮਾਮਲਿਆਂ ਵਿੱਚ 1.8 ਫੀਸਦ ਦੀ ਕਮੀ ਦਰਜ ਕੀਤੀ ਗਈ ਹੈ ਪਰ ਇਹ ਗਿਣਤੀ ਚਿੰਤਾ ਦਾ ਵਿਸ਼ਾ ਵੀ ਹੈ।’ ਪੁਲੀਸ ਅਧਿਕਾਰੀ ਨੇ ਕਿਹਾ ਕਿ ਲੁੱਟ-ਖੋਹ, ਝਪਟਮਾਰੀ ਅਤੇ ਔਰਤਾਂ ਖ਼ਿਲਾਫ਼ ਅਪਰਾਧਾਂ ਦੇ ਮਾਮਲਿਆਂ ਵਿੱਚ ਕਮੀ ਸ਼ਹਿਰ ਵਿੱਚ ਸਖ਼ਤ ਕਾਨੂੰਨ ਵਿਵਸਥਾ ਦਾ ਨਤੀਜਾ ਹੈ। -ਪੀਟੀਆਈ