ਜੋੜੇ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਰਿਵਾਰ ਵੱਲੋਂ ਸੜਕ ਜਾਮ
ਸਤਪਾਲ ਰਾਮਗੜ੍ਹੀਆ
ਪਿਹੋਵਾ, 23 ਅਪਰੈਲ
ਨੰਦ ਕਲੋਨੀ ਵਿੱਚ 15 ਸਾਲਾ ਵਿਦਿਆਰਥੀ ਦੇ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਰੋਸ ਵੱਧ ਗਿਆ ਹੈ। ਅੱਜ ਪਰਿਵਾਰ ਨੇ ਕਲੋਨੀ ਦੇ ਲੋਕਾਂ ਨਾਲ ਮਿਲ ਕੇ ਮੁੱਖ ਚੌਕ ਨੂੰ ਜਾਮ ਕਰ ਦਿੱਤਾ। ਇਸ ਕਾਰਨ ਹਰ ਪਾਸੇ ਆਵਾਜਾਈ ਪ੍ਰਭਾਵਿਤ ਹੋਈ। ਲਗਪਗ ਢਾਈ ਘੰਟੇ ਤੱਕ ਪਰਿਵਾਰ ਸਣੇ ਲੋਕ ਸੜਕ ’ਤੇ ਵਿਰੋਧ ਪ੍ਰਦਰਸ਼ਨ ਕਰਦੇ ਰਹੇ। ਮ੍ਰਿਤਕ ਬੱਚੇ ਅਸਮਿਤ ਦੇ ਪਿਤਾ ਸੰਜੀਵ ਨੇ ਦੋਸ਼ ਲਗਾਇਆ ਕਿ ਐੱਫਆਈਆਰ ਦਰਜ ਹੋਣ ਦੇ ਬਾਵਜੂਦ ਪੁਲੀਸ ਨੇ ਅਜੇ ਤੱਕ ਮੁਲਜ਼ਮ ਜੋੜੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਉਨ੍ਹਾਂ ਦੱਸਿਆ ਕਿ ਬੱਚੇ ਨੇ ਸੁਸਾਈਡ ਨੋਟ ਵਿੱਚ ਲਿਖਿਆ ਹੈ ਕਿ ਉਸ ਦੀ ਕੋਈ ਗਲਤੀ ਨਹੀਂ ਸੀ। ਉਸ ਦੇ ਸਾਹਮਣੇ ਮੁਲਜ਼ਮ ਜੋੜੇ ਨੇ ਉਸ ਦੀ ਮਾਂ ਦੀ ਬੇਇੱਜ਼ਤੀ ਕੀਤੀ, ਜਿਸ ਨੂੰ ਉਹ ਸਹਿ ਨਹੀਂ ਸਕਦਾ। ਮ੍ਰਿਤਕ ਅਸ਼ਮਿਤ ਦੀ ਮਾਂ ਭਾਵਨਾ ਨੇ ਕਿਹਾ ਕਿ ਮੁਲਜ਼ਮ ਵੱਲੋਂ ਬੇਇੱਜ਼ਤੀ ਕੀਤੇ ਜਾਣ ਤੋਂ ਬਾਅਦ ਅਸ਼ਮਿਤ ਤਣਾਅ ਵਿੱਚ ਸੀ।
ਢਾਈ ਘੰਟੇ ਬਾਅਦ ਪੁਲੀਸ ਵੱਲੋਂ ਸਮਝਾਏ ਜਾਣ ਤੋਂ ਬਾਅਦ ਪ੍ਰਦਰਸ਼ਨਕਾਰੀ ਸ਼ਾਂਤ ਹੋਏ। ਪੁਲੀਸ ਨੇ ਭਰੋਸਾ ਦਿੱਤਾ ਕਿ ਫਰਾਰ ਜੋੜੇ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਕਸਬੇ ਦੀ ਨੰਦ ਕਲੋਨੀ ਵਿੱਚ 15 ਸਾਲਾ ਲੜਕੇ ਨੇ ਫਾਹਾ ਲੈ ਲਿਆ ਸੀ। ਮ੍ਰਿਤਕ ਬੱਚੇ ਅਸ਼ਮਿਤ ਦੇ ਪਿਤਾ ਸੰਜੀਵ ਨੇ ਦੋਸ਼ ਲਗਾਇਆ ਕਿ ਗੁਆਂਢ ਵਿੱਚ ਰਹਿਣ ਵਾਲੇ ਜੋੜੇ ਨੇ ਉਸ ਦੇ ਪੁੱਤਰ ਨੂੰ ਆਪਣੇ ਘਰ ਬੁਲਾਇਆ ਅਤੇ ਧਮਕੀਆਂ ਦਿੱਤੀਆਂ।