ਜੇਐੱਨਯੂ ਸਟੂਡੈਂਟਸ ਯੂਨੀਅਨ ਚੋਣ ਲਈ ਪੁਲੀਸ ਸੁਰੱਖਿਆ ਮੰਗੀ
ਨਵੀਂ ਦਿੱਲੀ, 22 ਅਪਰੈਲ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਜੇਐੱਨਯੂਐੱਸਯੂ) ਚੋਣ ਦੀ ਨਿਗਰਾਨੀ ਕਰ ਰਹੀ ਚੋਣ ਸਮਿਤੀ ਨੇ ਚੋਣ ਪ੍ਰਕਿਰਿਆ ’ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਆਪਣੀ ਸੁਰੱਖਿਆ ਨੂੰ ਖਤਰਾ ਦੱਸਦਿਆਂ ਪੁਲੀਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਚੋਣ ਸਮਿਤੀ ਨੇ ਪੂਰੀ ਚੋਣ ਪ੍ਰਕਿਰਿਆ ਨੂੰ ਰੋਕਣ ਲਈ ਯੂਨੀਵਰਸਿਟੀ ਦੀ ਸੁਰੱਖਿਆ ਵਿੱਚ ਗੰਭੀਰ ਖਾਮੀਆਂ ਅਤੇ ਅਰਾਜਕਤਾ ਦਾ ਮਾਹੌਲ ਹੋਣ ਦਾ ਹਵਾਲਾ ਦਿੱਤਾ ਹੈ। ਚੋਣ ਸਮਿਤੀ ਦੇ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਪੂਰੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਜਾਂਦੀ ਚੋਣ ਪ੍ਰਕਿਰਿਆ ਸ਼ੁਰੂ ਨਹੀਂ ਹੋਵੇਗੀ। ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲਿਖੇ ਪੱਤਰ ਵਿੱਚ ਸਮਿਤੀ ਨੇ ਦੋਸ਼ ਲਗਾਇਆ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ ਮੌਜੂਦਾ ਸੁਰੱਖਿਆ ਠੀਕ ਨਹੀਂ ਹੈ। ਸਮਿਤੀ ਦੇ ਮੈਂਬਰਾਂ ਨੇ ਕਿਹਾ ਕਿ ਸਾਡੀ ਜਾਨ ਨੂੰ ਖਤਰਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਹੀ ਸੁਰੱਖਿਆ ਪ੍ਰਬੰਧ ਨਾ ਕੀਤੇ ਗਏ ਤਾਂ ਚੋਣ ਰੱਦ ਵੀ ਹੋ ਸਕਦੀ ਹੈ। ਉਧਰ, ਯੂਨੀਵਰਸਿਟੀ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਚੋਣ ਸਮਿਤੀ ਵੱਲੋਂ ਕੋਈ ਅਜਿਹਾ ਪੱਤਰ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਨਾਮਜ਼ਦਗੀ ਕਾਗਜ਼ ਦਾਖਲ ਕਰਾਉਣ ਵੇਲੇ ਚੋਣ ਪ੍ਰਕਿਰਿਆ ਨੂੰ ਤਿੰਨ ਦਿਨ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਵਿਦਿਆਰਥੀਆਂ ਨੇ ਕਥਿਤ ਤੌਰ ’ਤੇ ਹੰਗਾਮਾ ਕੀਤਾ ਸੀ ਅਤੇ ਸ਼ੀਸ਼ੇ ਤੋੜ ਦਿੱਤੇ ਅਲਤੇ ਜ਼ਬਰਦਸਤੀ ਚੋਣ ਦਫ਼ਤਰ ਵਿੱਚ ਪਹੁੰਚ ਗਏ ਸਨ। ਇਸ ਘਟਨਾ ਦੌਰਾਨ ਸੁਰੱਖਿਆ ਕਰਮੀ ਉਨ੍ਹਾਂ ਅੱਗੇ ਬੇਬੱਸ ਨਜ਼ਰ ਆਏ। ਚੋਣ ਸਮਿਤੀ ਨੇ ਇਸ ਦੇ ਮੱਦੇਨਜ਼ਰ ਵਿਚਾਰ ਕਰਨ ਮਗਰੋਂ ਵਾਈਸ ਚਾਂਸਲਰ ਨੂੰ ਮਿਲਣ ਦਾ ਯਤਨ ਕੀਤਾ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ਮੁਲਾਕਾਤ ਤੋਂ ਇਨਕਾਰ ਕਰ ਦਿੱਤਾ ਗਿਆ। ਚੋਣ ਸਮਿਤੀ ਦੇ ਮੈਂਬਰ ਨੇ ਕਿਹਾ ਕਿ ਅਜਿਹਾ ਹੋਣ ਕਾਰਨ ਸਮਿਤੀ ਮੈਂਬਰ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਧਰ, ਯੂਨੀਵਰਸਿਟੀ ਦੇ ਅਧਿਕਾਰੀ ਨੇ ਕਿਹਾ ਕਿ ਚੋਣ ਸਮਿਤੀ ਦਾ ਗਠਨ ਹੋਣ ਮਗਰੋਂ ਪ੍ਰਸ਼ਾਸਨ ਦੀ ਚੋਣ ਪ੍ਰਕਿਰਿਆ ਵਿੱਚ ਕੋਈ ਭੂਮਿਕਾ ਨਹੀਂ ਰਹਿ ਜਾਂਦੀ। ਉਨ੍ਹਾਂ ਕਿਹਾ ਕਿ ਅਜਿਹੀਆਂ ਚੋਣਾਂ ਵਿੱਚ ਪੁਲੀਸ ਦੀ ਤਾਇਨਾਤੀ ਆਮ ਗੱਲ ਨਹੀਂ ਹੈ। ਜੇ ਕੋਈ ਸਮੱਸਿਆ ਹੈ ਤਾਂ ਚੋਣ ਸਮਿਤੀ ਨੂੰ ਆਪਣੇ ਲੈਵਲ ’ਤੇ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ 23 ਅਪਰੈਲ ਨੂੰ ਹੋਣ ਵਾਲੀ ‘ਪ੍ਰੋਸੀਡੈਂਸ਼ੀਅਲ ਡਿਬੇਟ’ ਦੇ ਵੀ ਰੱਦ ਹੋਣ ਦਾ ਖਤਰਾ ਹੈ। ਚੋਣ ਪ੍ਰਚਾਰ 24 ਅਪਰੈਲ ਨੂੰ ਸਮਾਪਤ ਹੋਵੇਗਾ ਅਤੇ ਚੋਣ 25 ਅਪਰੈਲ ਨੂੰ ਦੋ ਦੌਰਾਂ ਵਿੱਚ ਸਵੇਰੇ ਨੌਂ ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਅਤੇ ਦੁਪਹਿਰ ਢਾਈ ਤੋਂ ਸ਼ਾਮ ਸਾਢੇ ਪੰਜ ਵਜੇ ਤੱਕ ਹੋਣੀ ਹੈ। ਉਸੇ ਰਾਤ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜਾ 28 ਅਪਰੈਲ ਨੂੰ ਘੋਸ਼ਿਤ ਕੀਤਾ ਜਾਵੇਗਾ।-ਪੀਟੀਆਈ