ਕਲਾਕਾਰਾਂ ਵੱਲੋਂ ਲੋਕ ਗੀਤ ਸ਼ੈਲੀ ਸੰਭਾਲਣ ’ਤੇ ਚਰਚਾ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਲੋਕ ਗੀਤ ਕਲਾ ਦੀ ਸੰਭਾਲ ਤੇ ਪ੍ਰਚਾਰ ਲਈ ਹਰਿਆਣਾ ਕਲਾ ਪ੍ਰੀਸ਼ਦ ਵੱਲੋਂ ਕਲਾ ਕੀਰਤੀ ਭਵਨ ’ਚ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਕਲਾਕਾਰਾਂ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਹਰਿਆਣਾ ਕਲਾ ਪ੍ਰੀਸ਼ਦ ਦੇ ਡਾਇਰੈਕਟਰ ਨਗਿੰਦਰ ਸ਼ਰਮਾ ਨੇ ਕੀਤੀ। ਕਲਾਕਾਰਾਂ ਨੇ ਕਿਹਾ ਕਿ ‘ਸਾਂਗ’ ਲੋਕ ਰੰਗਮੰਚ ਦੀ ਇਕ ਮਹੱਤਵਪੂਰਨ ਸ਼ੈਲੀ ਹੈ ਤੇ ਉਨ੍ਹਾਂ ਨੇ ਇਸ ਗੀਤ ਸ਼ੈਲੀ ਨੂੰ ਬਚਾਉਣ ਤੇ ਇਸ ਨੂੰ ਨੌਜਵਾਨ ਪੀੜੀ ਤੱਕ ਲਿਜਾਣ ਲਈ ਸੁਝਾਅ ਦਿੱਤੇ। ਬੈਠਕ ਵਿਚ ਵਿਚਾਰ ਵਟਾਂਦਰਾਂ ਕੀਤਾ ਗਿਆ ਕਿ ਸਾਂਗ ਸ਼ੈਲੀ ਨੂੰ ਬਚਾਉਣ ਲਈ ਸੂਬੇ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਵਰਕਸ਼ਾਪਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਨੌਜਵਾਨਾਂ ਨੂੰ ਇਸ ਨਾਲ ਜੁੜਨ ਦਾ ਮੌਕਾ ਮਿਲ ਸਕੇ। ਵਿਸ਼ਨੂ ਦੱਤ ਸਾਂਗੀ ਨੇ ਕਿਹਾ ਕਿ ਗੀਤ ਸ਼ੈਲੀ ਵਿਚੋਂ ਅਸ਼ਲੀਲਤਾ ਨੂੰ ਹਟਾਉਣਾ ਚਾਹੀਦਾ ਹੈ, ਕਿਉਂਕਿ ਕੁਝ ਗੀਤਕਾਰ ਲੋਕਾਂ ਦੇ ਮਨੋਰੰਜਨ ਲਈ ਸ਼ਿਸ਼ਟਾਚਾਰ ਗੁਆ ਲੈਂਦੇ ਹਨ। ਉਨ੍ਹਾਂ ਕਿਹਾ ਕਿ ਗੀਤਕਾਰ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਉਸ ਦੇ ਗੀਤਾਂ ’ਚ ਅਸ਼ਲੀਲਤਾ ਲਈ ਕੋਈ ਥਾਂ ਨਹੀਂ ਹੈ ਤੇ ਸਾਫ਼ ਸੁਥਰੀ ਗਾਇਕੀ ਵਾਲੇ ਕਲਾਕਾਰਾਂ, ਸੰਗੀਤਕਾਰਾਂ ਤੇ ਨ੍ਰਿਤਕਾਂ ਨੂੰ ਸੂਬਾ ਸਰਕਾਰ ਵੱਲੋਂ ਸਨਮਾਨ ਤੋਂ ਇਲਾਵਾ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਹੈ।