ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿੱਚ ਇਨਾਮ ਵੰਡ ਸਮਾਰੋਹ
ਕੁਲਦੀਪ ਸਿੰਘ
ਨਵੀਂ ਦਿੱਲੀ, 9 ਮਈ
ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿੱਚ 74ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਆਗਾਜ਼ ਕਾਲਜ ਦੀ ਅਨਹਦ ਡਿਵਨਿਟੀ ਸੁਸਾਇਟੀ ਦੇ ਵਿਦਿਆਰਥੀਆਂ ਦੇ ਸ਼ਬਦ ਗਾਇਨ ਰਾਹੀਂ ਹੋਇਆ। ਪ੍ਰਿੰਸੀਪਲ ਪ੍ਰੋ. ਗੁਰਮੋਹਿੰਦਰ ਸਿੰਘ ਨੇ ਸਾਲਾਨਾ ਰਿਪੋਰਟ ਪੜ੍ਹਦਿਆਂ ਕਾਲਜ ਦੀ ਅਕਾਦਮਿਕ ਅਤੇ ਖੇਡ ਦੇ ਖੇਤਰ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਕਾਲਜ ਦੇ ਚੇਅਰਮੈਨ ਤਰਲੋਚਨ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਵਿਰਾਸਤ ਨਾਲ ਜੁੜੇ ਹੋਣ ਸਦਕਾ ਭਾਰਤ ਸਰਕਾਰ ਵੱਲੋਂ ਅਤਿਵਾਦ ਦੇ ਖ਼ਿਲਾਫ਼ ਚੁੱਕੇ ਜਾ ਰਹੇ ਕਦਮਾਂ ਵਿੱਚ ਉਹ ਉਨ੍ਹਾਂ ਦੇ ਨਾਲ ਖੜ੍ਹਨ ਦੀ ਸਹੁੰ ਚੁੱਕਦੇ ਹਨ। ਇਸ ਮੌਕੇ ਕਾਲਜ ਦੀ ਸਾਲਾਨਾ ਪੱਤ੍ਰਿਕਾ ‘ਤੇਗ਼’ ਵੀ ਰਿਲੀਜ਼ ਕੀਤੀ ਗਈ, ਜੋ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਵੀਂ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਹੈ। ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੇ ਦੇਸ਼ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਇਸ ਲਈ ਜ਼ਰੂਰੀ ਹੈ ਕਿ 350 ਸਾਲਾ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਆਉਣ ਵੇਲੇ ਸਮੇਂ ’ਚ ਵੱਡੇ ਪ੍ਰੋਗਰਾਮ ਉਲੀਕੇ ਜਾਣ। ਹਰਵਿੰਦਰ ਸਿੰਘ ਕੇ.ਪੀ ਅਤੇ ਆਤਮ ਸਿੰਘ ਲੁਬਾਣਾ ਨੇ ਵੀ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਾਈਸ ਪ੍ਰਿੰਸੀਪਲ ਪ੍ਰੋ. ਹਰਬੰਸ ਸਿੰਘ ਨੇ ਕਿਹਾ ਕਿ ਕਾਲਜ ਦਾ ਸਾਲਾਨਾ ਸਮਾਰੋਹ ਗੁਰੂ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੈ। ਇੰਦਰਪ੍ਰੀਤ ਸਿੰਘ ਕੋਛੜ (ਟੈਜ਼ਰਾਰ ਕਾਲਜ ਗਵਰਨਿੰਗ ਬਾਡੀ) ਨੇ ਕਾਲਜ ਦੇ ਪ੍ਰਿੰਸੀਪਲ ਅਤੇ ਸਲਾਨਾ ਸਮਾਰੋਹ ਦੀ ਪੂਰੀ ਟੀਮ ਨੂੰ ਇਹ ਸ਼ਾਨਦਾਰ ਪ੍ਰੋਗਰਾਮ ਉਲੀਕਣ ’ਤੇ ਵਧਾਈ ਦਿੱਤੀ। ਇਸ ਦੌਰਾਨ 25 ਤੋਂ 35 ਸਾਲਾਂ ਤੋਂ ਕਾਲਜ ਵਿਚ ਸੇਵਾ ਕਰ ਰਹੇ ਸਟਾਫ਼ ਅਤੇ ਅਕਾਦਮਿਕ ਖੇਤਰ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਾਲਾਨਾ ਇਨਾਮ ਵੰਡ ਸਮਾਰੋਹ ਦੇ ਕਨਵੀਨਰ ਡਾ. ਜਪਿੰਦਰਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਦੀ ਨਿਗਰਾਨੀ ਹੇਠ ਇਹ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚੜ੍ਹਿਆ। ਇਸ ਮੌਕੇ ਰਿਸ਼ੀਪ੍ਰੀਤ ਸਿੰਘ ਸਚਦੇਵਾ, ਬੀਬੀ ਰੁਪਿੰਦਰ ਕੌਰ ਤੇ ਬਲਵਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ।