ਗੁਰਦੁਆਰੇ ਦੇ ਰਾਗੀ ਸਿੰਘ ਸਣੇ 3 ਸਿੱਖਾਂ ਦੀ ਮੌਤ ਲਈ ਪਾਕਿਸਤਾਨ ਦੀ ਆਲੋਚਨਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤੀ ਫੌਜ ਵੱਲੋਂ ਅੱਜ ਸਫਲਤਾਪੂਰਵਕ ਮੁਕੰਮਲ ਕੀਤੇ ਅਪਰੇਸ਼ਨ ਸਿੰਧੂਰ ਤੋਂ ਬਾਅਦ ਬੁਖਲਾਏ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਵਿਚ ਗੋਲਾਬਾਰੀ ਕਰ ਕੇ ਗੁਰਦੁਆਰੇ ਦੇ ਰਾਗੀ ਸਿੰਘ ਸਣੇ ਤਿੰਨ ਸਿੱਖਾਂ ਨੂੰ ਸ਼ਹੀਦ ਕਰਨ ਦੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਜੇ ਪਾਕਿਸਤਾਨ ਫੌਜ ਵਿਚ ਜਿਗਰਾ ਹੈ ਤਾਂ ਉਹ ਭਾਰਤੀ ਫੌਜ ਨਾਲ ਮੱਥਾ ਲਾਵੇ ਨਾ ਕਿ ਨਿਰਦੋਸ਼ ਤੇ ਮਾਸੂਮ ਆਮ ਸਿਵਲ ਨਾਗਰਿਕਾਂ ਨੂੰ ਆਪਣਾ ਨਿਸ਼ਾਨਾ ਬਣਾਵੇ। ਇਥੇ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਭਾਰਤੀ ਫੌਜ ਨੇ ਅੱਜ ਅਪਰੇਸ਼ਨ ਸਿੰਧੂਰ ਤਹਿਤ ਕਿਸੇ ਵੀ ਪਾਕਿਸਤਾਨੀ ਨਾਗਰਿਕ ਠਿਕਾਣੇ ਤੇ ਫੌਜੀ ਠਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਸਗੋਂ ਸਿਰਫ ਅਤਿਵਾਦੀ ਕੇਂਦਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਜਿਸ ਵਿਚ ਵੱਡੀ ਗਿਣਤੀ ਵਿਚ ਪਾਕਿਸਤਾਨੀ ਅਤਿਵਾਦੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਭਾਰਤੀ ਫੌਜ ਦੀ ਇਸ ਕਾਰਵਾਈ ਤੋਂ ਬੁਖਲਾਹਟ ਵਿਚ ਆਈ ਪਾਕਿਸਤਾਨੀ ਫੌਜ ਨੇ ਭਾਰਤ ਦੇ ਸਿਵਲ ਨਾਗਰਿਕ ਠਿਕਾਣਿਆਂ ’ਤੇ ਗੋਲਾਬਾਰੀ ਤੇਜ਼ ਕਰ ਦਿੱਤੀ। ਇਸ ਕਾਰਨ ਪੁਣਛ ਵਿਚ ਗੁਰਦੁਆਰੇ ਦੇ ਰਾਗੀ ਸਿੰਘ ਸਣੇ ਤਿੰਨ ਸਿੱਖਾਂ ਦੀ ਮੌਤ ਹੋ ਗਈ।
ਇਨ੍ਹਾਂ ਤਿੰਨਾਂ ਤੋਂ ਇਲਾਵਾ 7 ਹੋਰ ਸਿਵਲ ਨਾਗਰਿਕ ਵੀ ਮੌਤ ਦੇ ਮੂੰਹ ਵਿਚ ਜਾ ਪਏ ਹਨ ਜਿਨ੍ਹਾਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੰਗ ਲੜਨਾ ਫੌਜਾਂ ਦਾ ਕੰਮ ਹੁੰਦਾ ਹੈ ਤੇ ਇਸ ਵਿਚ ਆਮ ਨਾਗਰਿਕ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।