ਖੇਡ ਵਿਭਾਗ ਨੇ ਵੱਖ-ਵੱਖ ਖੇਡਾਂ ਦੇ ਟਰਾਇਲ ਲਏ
ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਅਪਰੈਲ
ਖੇਡ ਵਿਭਾਗ ਪੰਜਾਬ ਵੱਲੋਂ ਸਪੋਰਟਸ ਵਿੰਗ ਸਕੂਲਜ ਵਿੱਚ ਵੱਖ-ਵੱਖ ਖੇਡਾਂ ਵਿੱਚ ਖਿਡਾਰੀਆਂ ਨੂੰ ਦਾਖਲ ਕਰਨ ਲਈ ਬੀਤੇ ਕੱਲ੍ਹ ਅਤੇ ਅੱਜ ਟਰਾਇਲ ਲਏ ਗਏ। ਇਨ੍ਹਾਂ ਟਰਾਇਲਾਂ ਵਿੱਚ ਵੱਖ-ਵੱਖ ਖੇਡਾਂ ਲਈ ਕੁੱਲ 728 ਖਿਡਾਰੀ ਟਰਾਇਲ ਦੇਣ ਪਹੁੰਚੇ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਵੱਲੋਂ ਅੱਜ ਇੱਥੇ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਸਾਈਕਲਿੰਗ, ਫੁੱਟਬਾਲ, ਜਿਮਨਾਸਟਿਕ, ਹੈਂਡਬਾਲ, ਹਾਕੀ, ਜੂਡੋ, ਖੋਹ-ਖੋਹ, ਕਬੱਡੀ, ਨੈੱਟਬਾਲ, ਸਾਫਟਬਾਲ, ਸ਼ੂਟਿੰਗ, ਵਾਲੀਬਾਲ, ਵੇਟਲਿਫਟਿੰਗ ਅਤੇ ਕੁਸ਼ਤੀ ਦੇ ਵੱਖ-ਵੱਖ ਉਮਰ ਵਰਗ ਅੰਡਰ- 14, 17 ਅਤੇ ਅੰਡਰ 19 ਵਿੱਚ ਖਿਡਾਰੀਆਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਏ ਗਏ ਹਨ। ਇਨ੍ਹਾਂ ਟਰਾਇਲਾਂ ਵਿੱਚ ਕੁੱਲ 728 ਖਿਡਾਰੀਆਂ ਨੇ ਟਰਾਇਲ ਦਿੱਤੇ ਜਿਨ੍ਹਾਂ ਵਿੱਚੋਂ ਬੀਤੇ ਦਿਨ ਵੱਖ-ਵੱਖ ਖੇਡਾਂ ਲਈ 479 ਖਿਡਾਰੀ ਜਦਕਿ ਅੱਜ 249 ਖਿਡਾਰੀ ਟਰਾਇਲ ਦੇਣ ਪਹੁੰਚੇ। ਇੰਨਾਂ ਵਿੱਚ 418 ਲੜਕੇ ਅਤੇ 310 ਲੜਕੀਆਂ ਸ਼ਾਮਿਲ ਸਨ। ਅੱਜ ਸਾਈਕਲਿੰਗ ਦੇ ਟਰਾਇਲਾਂ ਵਿੱਚ 7, ਫੁੱਟਬਾਲ ਲਈ 40, ਹਾਕੀ ਲਈ 53, ਹੈਂਡਬਾਲ ਲਈ 8, ਜੂਡੋ ਲਈ 6, ਕਬੱਡੀ ਲਈ 17, ਸਾਫਟਬਾਲ ਲਈ 17, ਸੂਟਿੰਗ ਲਈ 8, ਵਾਲੀਬਾਲ ਲਈ 28, ਵੇਟ ਲਿਫਟਿੰਗ ਲਈ 60, ਕੁਸ਼ਤੀ ਲਈ 9 ਖਿਡਾਰੀਆਂ ਨੇ ਟਰਾਇਲ ਦਿੱਤੇ।