ਕੈਨੇਡਾ ਦੀ ਖ਼ੁਸ਼ਹਾਲੀ ’ਤੇ ਟਿਕੀ ਪਰਵਾਸੀਆਂ ਦੀ ਹੋਂਦ

ਪ੍ਰਿੰਸੀਪਲ ਵਿਜੈ ਕੁਮਾਰ
ਉਂਜ ਤਾਂ ਅਜੋਕੇ ਸਮੇਂ ’ਚ ਲਗਭਗ ਸਾਰੇ ਪੱਛਮੀ ਦੇਸ਼ ਬੇਰੁਜ਼ਗਾਰੀ, ਆਰਥਿਕ ਮੰਦਹਾਲੀ, ਅਤਿਵਾਦ ਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ, ਪਰ ਉਨ੍ਹਾਂ ਸਾਰੇ ਦੇਸ਼ਾਂ ’ਚੋਂ ਕੈਨੇਡਾ ਸਭ ਤੋਂ ਵੱਧ ਆਰਥਿਕ ਮੰਦਹਾਲੀ, ਬੇਰੁਜ਼ਗਾਰੀ ਤੇ ਹੋਰ ਕਈ ਸਮੱਸਿਆਵਾਂ ਦੇ ਦੌਰ ਵਿੱਚੋਂ ਲੰਘ ਰਿਹਾ ਹੈ।
ਕੈਨੇਡਾ ਦੇ ਇਸ ਮਾੜੇ ਸਮੇਂ ਦਾ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਲਾਭ ਉਠਾਉਂਦੇ ਹੋਏ ਕੈਨੇਡਾ ਨੂੰ 51ਵਾਂ ਰਾਜ ਬਣਾ ਕੇ ਇਸ ਨੂੰ ਆਪਣੇ ਦੇਸ਼ ’ਚ ਮਿਲਾਉਣ ਦਾ ਪ੍ਰਸਤਾਵ ਵੀ ਪੇਸ਼ ਕਰ ਦਿੱਤਾ ਹੈ ਕਿਉਂਕਿ ਉਸ ਨੂੰ ਕੈਨੇਡਾ ਦੇ ਕੁਦਰਤੀ ਸੋਮਿਆਂ ਦਾ ਸਰਮਾਇਆ ਨਜ਼ਰ ਆ ਰਿਹਾ ਹੈ ਜੋ ਉਸ ਦੇ ਦੇਸ਼ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਲਾਹੇਵੰਦ ਹੋ ਸਕਦੇ ਹਨ। ਉਹ ਕੈਨੇਡਾ ਨੂੰ ਆਰਥਿਕ ਤੌਰ ’ਤੇ ਹੋਰ ਕਮਜ਼ੋਰ ਕਰਨ ਲਈ ਕੈਨੇਡਾ ਤੋਂ ਅਮਰੀਕਾ ’ਚ ਆਉਣ ਵਾਲੀਆਂ ਚੀਜ਼ਾਂ ਉਤੇ ਹੋਰ ਟੈਰਿਫ (ਟੈਕਸ) ਵਧਾ ਰਿਹਾ ਹੈ। ਕੈਨੇਡਾ ਤੋਂ ਅਮਰੀਕਾ ਵਿੱਚ ਆਉਣ ਵਾਲੀਆਂ ਚੀਜ਼ਾਂ ਉੱਤੇ ਟਰੰਪ ਦਾ ਟੈਰਿਫ ਵਧਾਉਣ ਦਾ ਮਕਸਦ ਇਹ ਹੈ ਕਿ ਅਮਰੀਕਾ ਦੇ ਲੋਕ ਕੈਨੇਡਾ ਤੋਂ ਆਉਣ ਵਾਲੀਆਂ ਮਹਿੰਗੀਆਂ ਚੀਜ਼ਾਂ ਖ਼ਰੀਦਣੀਆਂ ਬੰਦ ਕਰ ਦੇਣਗੇ ਤੇ ਅਮਰੀਕਾ ਦੀਆਂ ਬਣੀਆਂ ਚੀਜ਼ਾਂ ਖ਼ਰੀਦਣਗੇ।
ਇਸ ਨਾਲ ਕੈਨੇਡਾ ਦੇ ਕਾਰਖਾਨਿਆਂ ਉੱਤੇ ਮਾੜਾ ਪ੍ਰਭਾਵ ਪਏਗਾ ਤੇ ਕੈਨੇਡਾ ਹੋਰ ਬੇਰੁਜ਼ਗਾਰੀ ਅਤੇ ਆਰਥਿਕ ਮੰਦਹਾਲੀ ਵੱਲ ਵਧੇਗਾ। ਕੈਨੇਡਾ ਦੀ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਮਰੀਕਾ ਦੀ ਕੈਨੇਡਾ ਪ੍ਰਤੀ ਇਹ ਨੀਤੀ ਕੇਵਲ ਬਿਆਨਬਾਜ਼ੀ ਤੱਕ ਮਹਿਦੂਦ ਨਹੀਂ ਸਗੋਂ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਜੇਕਰ ਕੈਨੇਡਾ ਦੇ ਪਰਵਾਸੀਆਂ ਅਤੇ ਇਸ ਦੇਸ਼ ਦੀਆਂ ਸਰਕਾਰਾਂ ਨੇ ਆਪਣੇ ਆਪ ਨੂੰ ਨਾ ਸੁਧਾਰਿਆ ਤਾਂ ਇਸ ਮੁਲਕ ਦੇ ਪਰਵਾਸੀਆਂ ਤੇ ਇਸ ਮੁਲਕ ਲਈ ਆਉਣ ਵਾਲਾ ਸਮਾਂ ਬਹੁਤ ਮਾੜਾ ਹੋਵੇਗਾ।
ਸਭ ਤੋਂ ਪਹਿਲਾਂ ਕੈਨੇਡਾ ਵਿੱਚ ਵਸਦੇ 162 ਦੇਸ਼ਾਂ ਦੇ 5 ਕਰੋੜ ਪਰਵਾਸੀਆਂ ਦੀ ਹੀ ਗੱਲ ਕਰ ਲੈਂਦੇ ਹਾਂ। ਕੈਨੇਡਾ ਦੀਆਂ ਮੌਜੂਦਾ ਸਮੱਸਿਆਵਾਂ ਟਰੰਪ ਨੂੰ ਮੰਦਾ ਚੰਗਾ ਬੋਲ ਕੇ ਹੱਲ ਨਹੀਂ ਹੋਣਗੀਆਂ ਸਗੋਂ ਇਸ ਮੁਲਕ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਪਰਵਾਸੀਆਂ ਨੂੰ ਆਪਣੇ ਸੱਚੇ ਦਿਲੋਂ ਯਤਨ ਕਰਨੇ ਹੋਣਗੇ। ਜੇਕਰ ਕੈਨੇਡਾ ਦੇ ਪਰਵਾਸੀ ਕਾਰੋਬਾਰੀ, ਕਾਰਖਾਨੇਦਾਰ, ਜ਼ਿਮੀਂਦਾਰ, ਦੁਕਾਨਦਾਰ, ਮੁਲਾਜ਼ਮ, ਸਰਮਾਏਦਾਰ, ਪ੍ਰਾਪਰਟੀ ਦਾ ਕੰਮ ਕਰਨ ਵਾਲੇ ਅਤੇ ਹੋਰ ਅਮੀਰ ਲੋਕ ਇਹ ਸੋਚਦੇ ਹਨ ਕਿ ਇਸ ਮਾੜੇ ਸਮੇਂ ਦਾ ਅਸਰ ਕੇਵਲ ਇਸ ਮੁਲਕ ਵਿੱਚ ਆ ਚੁੱਕੇ ਅਤੇ ਆਉਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਤੇ ਮੱਧ ਵਰਗੀ ਲੋਕਾਂ ਉੱਤੇ ਹੀ ਪਵੇਗਾ ਤਾਂ ਉਹ ਵੱਡੇ ਮੁਗਾਲਤੇ ਵਿੱਚ ਹਨ। ਜੇਕਰ ਨਵੇਂ ਨੌਜਵਾਨ ਮੁੰਡੇ-ਕੁੜੀਆਂ ਇਸ ਮੁਲਕ ਵਿੱਚ ਨਹੀਂ ਆਉਣਗੇ, ਇਸ ਮੁਲਕ ’ਚ ਆ ਚੁੱਕੇ ਮੁੰਡੇ-ਕੁੜੀਆਂ ਅਤੇ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲੇਗਾ ਅਤੇ ਮੱਧ ਵਰਗੀ ਲੋਕਾਂ ਦੇ ਹਿੱਤ ਸੁਰੱਖਿਅਤ ਨਹੀਂ ਹੋਣਗੇ ਤਾਂ ਉਨ੍ਹਾਂ ਦਾ ਭਵਿੱਖ ਵੀ ਖਤਰੇ ’ਚ ਹੋਵੇਗਾ। ਉਨ੍ਹਾਂ ਦਾ ਸਾਮਾਨ ਕੌਣ ਖ਼ਰੀਦੇਗਾ? ਨਵੇਂ ਘਰ ਕਿਵੇਂ ਬਣਨਗੇ? ਕਾਰਖਾਨੇ ਕਿਵੇਂ ਚੱਲਣਗੇ? ਕੈਨੇਡਾ ਦੇ ਇਸ ਮਾੜੇ ਸਮੇਂ ’ਚ ਇਨ੍ਹਾਂ ਕਾਰਖਾਨੇਦਾਰਾਂ, ਸਰਮਾਏਦਾਰਾਂ, ਪ੍ਰਾਪਰਟੀ ਡੀਲਰਾਂ, ਜ਼ਿਮੀਂਦਾਰਾਂ, ਕਾਰੋਬਾਰੀਆਂ, ਦੁਕਾਨਦਾਰਾਂ, ਮੁਲਾਜ਼ਮਾਂ ਅਤੇ ਹੋਰ ਕੰਮ ਕਰਨ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕੈਨੇਡਾ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਬਾਹਰ ਕੱਢਣ ਲਈ ਆਪਣੀ ਬਣਦੀ ਭੂਮਿਕਾ ਨਿਭਾਉਣ। ਕੈਨੇਡਾ ਨੂੰ ਆਰਥਿਕ ਮੰਦਹਾਲੀ ਵਿੱਚੋਂ ਕੱਢਣ ਲਈ ਸਰਕਾਰ ਨੂੰ ਇਮਾਨਦਾਰੀ ਨਾਲ ਟੈਕਸਾਂ ਦੀ ਅਦਾਇਗੀ ਕਰਨ। ਕਾਰਖਾਨੇਦਾਰ, ਕਾਰੋਬਾਰੀ, ਜ਼ਿਮੀਂਦਾਰ ਅਤੇ ਹੋਰ ਸਰਮਾਏਦਾਰ ਸਰਕਾਰ ਦੇ ਸਹਿਯੋਗ ਨਾਲ ਇਸ ਮੁਲਕ ਦੀਆਂ ਬਣੀਆਂ ਚੀਜ਼ਾਂ ਨੂੰ ਵੇਚਣ ਲਈ ਅਮਰੀਕਾ ਤੋਂ ਬਿਨਾਂ ਹੋਰ ਮੁਲਕਾਂ ਨਾਲ ਵਪਾਰਕ ਸਬੰਧ ਬਣਾਉਣ ਤਾਂ ਕਿ ਅਮਰੀਕਾ ਉੱਤੇ ਕੈਨੇਡਾ ਦੀ ਨਿਰਭਰਤਾ ਘਟੇ। ਕੋਈ ਵੀ ਅਜਿਹਾ ਬੇਈਮਾਨੀ ਵਾਲਾ ਕੰਮ ਨਾ ਕਰਨ ਜਿਸ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚੇ। ਨੌਜਵਾਨ ਮੁੰਡੇ-ਕੁੜੀਆਂ ਅਤੇ ਹੋਰ ਲੋਕਾਂ ਤੋਂ ਕੰਮ ਕਰਵਾਉਣ ਬਦਲੇ ਉਨ੍ਹਾਂ ਨੂੰ ਬਣਦੀ ਤਨਖਾਹ ਦੇਣ ਅਤੇ ਉਨ੍ਹਾਂ ਨਾਲ ਕੋਈ ਵੀ ਅਨਿਆਂ ਨਾ ਕਰਨ ਤਾਂ ਕਿ ਉਹ ਖ਼ੁਸ਼ਹਾਲ ਜ਼ਿੰਦਗੀ ਗੁਜ਼ਾਰਨ ਯੋਗ ਹੋ ਸਕਣ। ਉਹ ਕੈਨੇਡਾ ਨੂੰ ਆਰਥਿਕ ਮੰਦਹਾਲੀ ’ਚੋਂ ਬਾਹਰ ਕੱਢਣ ਲਈ ਦੇਸ਼ ਦੀਆਂ ਆਰਥਿਕ ਅਤੇ ਆਯਾਤ ਤੇ ਨਿਰਯਾਤ ਨੀਤੀਆਂ ’ਚ ਸੁਧਾਰ ਲਿਆਉਣ ਲਈ ਸਰਕਾਰ ਉੱਤੇ ਦਬਾਅ ਬਣਾਉਣ।
ਕੈਨੇਡਾ ਵਿੱਚ ਦੂਜੇ ਦੇਸ਼ਾਂ ਤੋਂ ਆ ਕੇ ਵਸੇ ਪਰਵਾਸੀ ਨੌਜਵਾਨ ਮੁੰਡੇ-ਕੁੜੀਆਂ ਅਤੇ ਹੋਰ ਲੋਕਾਂ ਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ। ਉਨ੍ਹਾਂ ਨੂੰ ਆਪਣੇ ਦੇਸ਼ਾਂ ਵਾਲੀਆਂ ਬੇਈਮਾਨੀਆਂ, ਹੇਰਾਫੇਰੀਆਂ, ਲੁੱਟਾ ਖੋਹਾਂ, ਚੋਰੀਆਂ, ਡਾਕਿਆਂ, ਮਾਰ-ਮਰਾਈ, ਟੈਕਸ ਚੋਰੀ, ਜੇਬਾਂ ਕੱਟਣ, ਮਕਾਨ ਮਾਲਕਾਂ ਨਾਲ ਝਗੜੇ ਪੈਦਾ ਕਰਨ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ, ਗੰਦਗੀ ਪਾਉਣ, ਕਾਨੂੰਨ ਵਿਵਸਥਾ ਨੂੰ ਤੋੜਨ, ਗ਼ਲਤ ਢੰਗਾਂ ਨਾਲ ਇਸ ਮੁਲਕ ਵਿੱਚ ਆਉਣ, ਨਸ਼ੇ ਕਰਨ ਅਤੇ ਨਸ਼ਿਆਂ ਦੀ ਸਮਗਲਿੰਗ ਕਰਨ, ਸ਼ਰਾਰਤੀ ਲੋਕਾਂ ਦੀਆਂ ਚਾਲਾਂ ਵਿੱਚ ਆ ਕੇ ਮੁਲਕ ਦੇ ਹਾਲਾਤ ਨੂੰ ਖ਼ਰਾਬ ਕਰਨ ਤੇ ਧਰਮਾਂ ਦੇ ਨਾਂ ਉੱਤੇ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਮਾੜੀਆਂ ਆਦਤਾਂ ਨੂੰ ਛੱਡ ਕੇ ਸਰਕਾਰ ਦਾ ਸਹਿਯੋਗ ਕਰਨ। ਉਨ੍ਹਾਂ ਨੂੰ ਸਰਕਾਰ ਪ੍ਰਤੀ ਵਿਸ਼ਵਾਸ ਪੈਦਾ ਕਰਕੇ ਦੇਸ਼ ਦੇ ਵਿਕਾਸ ਵਿੱਚ ਸਹਿਯੋਗ ਦੇਣਾ ਹੋਵੇਗਾ ਤਾਂ ਕਿ ਇਹ ਮੁਲਕ ਇਨ੍ਹਾਂ ਸਮੱਸਿਆਵਾਂ ਤੋਂ ਬਾਹਰ ਨਿਕਲ ਸਕੇ।
ਕੈਨੇਡਾ ਨੂੰ ਇਸ ਹਾਲ ਤੱਕ ਪਹੁੰਚਾਉਣ ਲਈ ਇਸ ਮੁਲਕ ਦੀਆਂ ਸਰਕਾਰਾਂ ਵੀ ਘੱਟ ਜ਼ਿੰਮੇਵਾਰ ਨਹੀਂ ਹਨ। ਇਸ ਮੁਲਕ ਦੀਆਂ ਸਰਕਾਰਾਂ ਵੱਲੋਂ ਆਪਣਾ ਸਿਆਸੀ ਲਾਹਾ ਲੈਣ ਲਈ ਪਰਵਾਸੀਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਸਹੂਲਤਾਂ ਦੇਣਾ, ਆਪਣੀ ਕੁਰਸੀ ਕਾਇਮ ਰੱਖਣ ਲਈ ਦੂਜੇ ਦੇਸ਼ਾਂ ਤੋਂ ਜਾਇਜ਼ ਅਤੇ ਨਾਜਾਇਜ਼ ਢੰਗਾਂ ਨਾਲ ਲੋੜ ਤੋਂ ਵੱਧ ਲੋਕਾਂ ਨੂੰ ਬੁਲਾ ਲਿਆ। ਪਰ ਉਨ੍ਹਾਂ ਲਈ ਲੋੜੀਂਦੇ ਰੁਜ਼ਗਾਰ ਦੇ ਮੌਕੇ ਪੈਦਾ ਨਾ ਕਰ ਸਕਣਾ, ਕਾਨੂੰਨ ਦੀ ਵਿਗੜੀ ਵਿਵਸਥਾ ਵੱਲ ਧਿਆਨ ਨਾ ਦੇਣਾ, ਦੂਜੇ ਦੇਸ਼ਾਂ ਨੂੰ ਸਹਾਇਤਾ ਦੇਣ ਦੀ ਆੜ ਵਿੱਚ ਦੇਸ਼ ਦਾ ਸਰਮਾਇਆ ਖਾਣਾ, ਲੋਕਾਂ ਨੂੰ ਸੁਰੱਖਿਆ ਪ੍ਰਦਾਨ ਨਾ ਕਰ ਸਕਣਾ, ਵਿਦੇਸ਼ ਨੀਤੀਆਂ ’ਚ ਖਾਮੀਆਂ ਹੋਣਾ, ਕਾਨੂੰਨਾਂ ਦਾ ਕਮਜ਼ੋਰ ਹੋਣਾ, ਆਯਾਤ ਅਤੇ ਨਿਰਯਾਤ ਨੀਤੀਆਂ ਦਾ ਠੀਕ ਨਾ ਹੋਣਾ, ਦੇਸ਼ ਹਿੱਤਾਂ ਨਾਲੋਂ ਆਪਣੇ ਹਿੱਤਾਂ ਦਾ ਜ਼ਿਆਦਾ ਫ਼ਿਕਰ ਹੋਣਾ, ਦੋਸ਼ਪੂਰਨ ਸਿਹਤ ਤੇ ਸਿੱਖਿਆ ਵਿਵਸਥਾ, ਪੁਲੀਸ ਨੂੰ ਘੱਟ ਅਧਿਕਾਰ ਹੋਣਾ, ਕਾਰਖਾਨੇਦਾਰਾਂ ਅਤੇ ਕਾਰੋਬਾਰੀਆਂ ਦੇ ਹਿੱਤਾਂ ਵੱਲ ਧਿਆਨ ਨਾ ਦੇਣਾ, ਕੁਦਰਤੀ ਸੋਮਿਆਂ ਦੇ ਵਪਾਰ ਵਿੱਚ ਖਾਮੀਆਂ, ਨਸ਼ਿਆਂ ਦੀ ਵਰਤੋਂ ਅਤੇ ਸਮਗਲਿੰਗ ਵੱਲ ਧਿਆਨ ਨਾ ਦੇਣਾ ਅਤੇ ਨੌਜਵਾਨ ਮੁੰਡੇ-ਕੁੜੀਆਂ ਦਾ ਬੇਰੁਜ਼ਗਾਰ ਹੋਣਾ, ਪਰ ਵਿਜ਼ਿਟਰ ਵੀਜ਼ੇ ਉੱਤੇ ਆਏ ਲੋਕਾਂ ਦਾ ਘੱਟ ਮਜ਼ਦੂਰੀ ’ਤੇ ਕੰਮ ਕਰਨਾ ਇਸ ਮੁਲਕ ਦੀਆਂ ਤਮਾਮ ਸਮੱਸਿਆਵਾਂ ਲਈ ਜ਼ਿੰਮੇਵਾਰ ਕਾਰਨ ਹਨ।
ਇਸ ਮੁਲਕ ਦੀਆਂ ਸਰਕਾਰਾਂ ਵਿੱਚ ਭਾਗੀਦਾਰ ਪਰਵਾਸੀਆਂ ਦੇ ਨੁਮਾਇੰਦੇ ਵੀ ਆਪਣੇ ਸਿਆਸੀ ਹਿੱਤਾਂ ਕਾਰਨ ਇਨ੍ਹਾਂ ਸਮੱਸਿਆਵਾਂ ਵੱਲ ਪਿੱਠ ਕਰੀ ਬੈਠੇ ਹਨ। ਉਹ ਨਾ ਤਾਂ ਪਰਵਾਸੀਆਂ ਨਾਲ ਵਿਗਾੜਨਾ ਚਾਹੁੰਦੇ ਹਨ ਤੇ ਨਾ ਹੀ ਇੱਥੋਂ ਦੀਆਂ ਸਰਕਾਰਾਂ ਨਾਲ। ਹੁਣ ਮੁੱਕਦੀ ਗੱਲ ਇਹ ਹੈ ਕਿ ਜੇਕਰ ਕੈਨੇਡਾ ਦੀਆਂ ਸਰਕਾਰਾਂ ਨੇ ਆਪਣੇ ਮੁਲਕ ਨੂੰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਦੇ ਸ਼ਿਕਾਰ ਹੋਣ ਤੋਂ ਬਚਾਉਣਾ ਹੈ, ਕੈਨੇਡਾ ਵਿੱਚ ਵਸਦੇ 162 ਮੁਲਕਾਂ ਦੇ ਪਰਵਾਸੀਆਂ ਨੇ ਆਪਣੇ ਆਪ ਨੂੰ ਖ਼ੁਸ਼ਹਾਲ ਜ਼ਿੰਦਗੀ ਜਿਊਣ ਦੇ ਯੋਗ ਬਣਾਉਣਾ ਹੈ ਤਾਂ ਉਨ੍ਹਾਂ ਨੂੰ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਨਾਲ ਨਿਭਾਉਣੀਆਂ ਹੋਣਗੀਆਂ।
ਸੰਪਰਕ: 99726-27136