ਕਿਸਾਨ ਯੂਨੀਅਨ (ਲੱਖੋਵਾਲ) ਦੀ ਮੀਟਿੰਗ ਵਿੱਚ ਕਿਸਾਨੀ ਮਸਲੇ ਵਿਚਾਰੇ
ਗੁਰਿੰਦਰ ਸਿੰਘ
ਲੁਧਿਆਣਾ, 10 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵੱਲੋਂ ਭਾਰਤ ਦੀਆਂ ਵਸਤਾਂ ’ਤੇ ਲਗਾਏ ਟੈਰਿਫ ਨੂੰ ਕਿਸਾਨੀ ਲਈ ਤਬਾਹਕੁੰਨ ਕਰਾਰ ਦਿੱਤਾ ਹੈ ਕਿਉਂਕਿ ਇਹ ਸੂਬੇ ਦੇ ਦਰਾਮਦਕਾਰਾਂ ਦੇ ਨਾਲ ਨਾਲ ਕਿਸਾਨੀ ਨੂੰ ਵੀ ਬਰਬਾਦ ਕਰਕੇ ਰੱਖ ਦੇਵੇਗਾ।
ਅੱਜ ਇੱਥੇ ਯੂਨੀਅਨ ਦੇ ਸਰਪ੍ਰਸਤ ਅਜਮੇਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਰਪ੍ਰਸਤ ਅਵਤਾਰ ਸਿੰਘ ਮੇਹਲੋਂ ਨੇ ਕਿਹਾ ਕਿ ਭਾਰਤ ਦੀ ਕੁਲ ਬਾਸਮਤੀ ਉਤਪਾਦਨ ਵਿੱਚ 40 ਫ਼ੀਸਦ ਤੋਂ ਵੱਧ ਦਾ ਯੋਗਦਾਨ ਪੰਜਾਬ ਪਾਉਂਦਾ ਹੈ ਅਤੇ ਕਿਸਾਨ ਤਾਂ ਪਹਿਲਾਂ ਹੀ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ 26 ਫ਼ੀਸਦ ਟੈਰਿਫ ਦਾ ਸਾਰਾ ਯੂਰੋਪ ਕੈਨੇਡਾ ਅਤੇ ਹੋਰ ਦੇਸ਼ ਸਖਤ ਵਿਰੋਧ ਕਰ ਰਹੇ ਹਨ ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਭਾਰਤ ਵਿਰੋਧੀ ਕਾਰਵਾਈ ਦਾ ਕੋਈ ਨੋਟਿਸ ਨਹੀਂ ਲਿਆ ਗਿਆ ਜੋ ਕਿਸਾਨੀ ਨੂੰ ਤਬਾਹ ਕਰ ਦੇਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਾਸ ਕੀਤੇ ਵਕਫ਼ ਸੋਧ ਬਿੱਲ ਰਾਹੀਂ ਮੋਦੀ ਸਰਕਾਰ ਵਕਫ਼ ਬੋਰਡ ਦੀਆਂ ਜਮੀਨਾਂ ਹਥਿਆ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਵਕਫ਼ ਬੋਰਡ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਵੱਲ੍ਹ ਵੀ ਸਰਕਾਰ ਦੀ ਨਜ਼ਰ ਹੈ।
ਮੀਟਿੰਗ ਦੌਰਾਨ ਪਰਮਿੰਦਰ ਸਿੰਘ ਪਾਲਮਾਜ਼ਰਾ ਤੇ ਸਿਮਰਨਜੀਤ ਸਿੰਘ ਘੁੱਦੂਵਾਲਾ ਨੇ ਕਿਹਾ ਕਿ ਪੰਜਾਬ ਅੰਦਰ ਕਣਕ ਦੀ ਵਾਢੀ ਦਾ ਕੰੰਮ ਸ਼ੁਰੂ ਹੋ ਗਿਆ ਹੈ ਪਰ ਕਈ ਮੰਡੀਆਂ ਅੰਦਰ ਖਰੀਦ ਦੇ ਪ੍ਰਬੰਧ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਸਰਕਾਰ ਨੂੰ ਜਲਦੀ ਤੋਂ ਜਲਦੀ ਇਸ ਵੱਲ੍ਹ ਧਿਆਨ ਦੇਕੇ ਸਾਰੇ ਖਰੀਦ ਪ੍ਰਬੰਧ ਮੁਕੰਮਲ ਕਰਨ, ਕਣਕ ਦਾ ਦਾਣਾ-ਦਾਣਾ ਸਰਕਾਰੀ ਖਰੀਦ ਏਜੰਸੀਆਂ ਰਾਹੀਂ ਖਰੀਦਣ, ਫ਼ਸਲ ਦੇ ਪੈਸੇ 24 ਘੰਟਿਆਂ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਅਤੇ ਪੰਜਾਬ ਸਰਕਾਰ ਆਪਣੇ ਵੱਲੋਂ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ ਕਰਨ ਦੀ ਮੰਗ ਕੀਤੀ।
ਮੀਟਿੰਗ ਦੌਰਾਨ ਪਰਸ਼ੋਤਮ ਸਿੰਘ ਗਿੱਲ ਤੇ ਹਰਮਿੰਦਰ ਸਿੰਘ ਖਹਿਰਾ ਨੇ ਕੇਂਦਰ ਸਰਕਾਰ ਨੂੰ ਖਾਦ ਕੀਮਤਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਲੈਣ ਅਤੇ ਝੋਨੇ ਦੀ ਲਵਾਈ ਲਈ ਜੋਨਾਂ ਦੀ ਵੰਡ ਕਰਕੇ ਤਰੀਕਾਂ ਦਾ ਐਲਾਨ ਕਰਨ ਦੀ ਮੰਗ ਕੀਤੀ। ਗੁਰਵਿੰਦਰ ਸਿੰਘ ਕੂੰਮਕਲਾਂ ਤੇ ਭੁਪਿੰਦਰ ਸਿੰਘ ਮਹੇਸ਼ਰੀ ਨੇ ਡੇਅਰੀ ਧੰਦੇ ਨੂੰ ਬਚਾਉਣ ਲਈ ਨਕਲੀ ਦੁੱਧ ਬਣਾਉਣ ਵਾਲਿਆਂ ਤੇ ਨਕੇਲ ਕੱਸਣ ਦੀ ਮੰਗ ਕੀਤੀ। ਮੀਟਿੰਗ ਵਿੱਚ ਮੰਦਰਜੀਤ ਸਿੰਘ ਮਨਾਵਾ, ਬਲਦੇਵ ਸਿੰਘ ਪੂਨੀਆ, ਗੁਰਪ੍ਰੀਤ ਸਿੰਘ ਸਾਹਾਬਾਣਾ, ਹਰਨੇਕ ਸਿੰਘ ਫਤਿਹਗੜ੍ਹ ਐਗਜੈਕਟਿਵ ਮੈਂਬਰ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਵੀ ਹਾਜ਼ਰ ਸਨ।