ਕਾਨੂੰਨਾਂ ਨੂੰ ਛਿੱਕੇ ਟੰਗ ਕੇ ਚੱਲ ਰਹੇ ਨੇ ਟਿੱਪਰ
ਬਲਵਿੰਦਰ ਰੈਤ
ਨੂਰਪੁਰ ਬੇਦੀ, 21 ਅਪਰੈਲ
ਖੇਤਰ ਦੇ ਖੇੜਾ ਕਲਮੌਟ ਵਿੱਚ ਨਾਜਾਇਜ਼ ਮਾਈਨਿੰਗ ਜ਼ੋਰਾਂ ’ਤੇ ਹੈ। ਮਾਈਨਿੰਗ ਕਾਰਨ ਪਾਣੀ ਦਾ ਪੱਧਰ ਡੂੰਘਾ ਹੋਣ ਕਾਰਨ ਪਾਣੀ ਦੀ ਸਮੱਸਿਆ ਗੰਭੀਰ ਹੈ। ਇਸ ਖੇਤਰ ਵਿੱਚ ਲੱਗੇ ਦਰਜਨਾਂ ਸਟੋਨ ਕਰੱਸ਼ਰ ਤੋਂ ਮਾਲ ਚੁੱਕਣ ਵਾਲੇ ਹੈਵੀ ਟਿੱਪਰ ਟਰਾਲਿਆਂ ਨੇ ਲੋਕਾਂ ਦਾ ਰਹਿਣਾ ਔਖਾ ਕਰ ਦਿੱਤਾ ਹੈ। ਜ਼ਿਲ੍ਹਾ ਰੂਪਨਗਰ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਪੂਜਾ ਸਿਆਲ ਨੇ ਕਲਵਾਂ ਤੋਂ ਰੂਪਨਗਰ ਬਰਾਸਤਾ ਝੱਜ ਚੌਕ ਤੇ ਨੂਰਪੁਰ ਬੇਦੀ ਮੇਨ ਸੜਕ ’ਤੇ 4 ਮਈ ਤੱਕ ਜਾਣ ਕੀ ਮੁਕੰਮਲ ਪਾਬੰਦੀ ਲਗਾਈ ਹੋਈ ਹੈ। ਇਸ ਦੇ ਬਾਵਜੂਦ ਟਿੱਪਰਾਂ ਵਾਲਿਆਂ ਨੇ ਸੜਕਾਂ ’ਤੇ ਅਤਿ ਮਚਾਈ ਹੋਈ ਹੈ। ਇਨ੍ਹਾਂ ਟਿੱਪਰਾਂ ਨਾਲ ਕਈ ਹਾਦਸੇ ਵਾਪਰ ਚੁੱਕੇ ਹਨ। ਟਿੱਪਰਾਂ ਵਾਲੇ ਸੜਕਾਂ ’ਤੇ ਤੇਜ਼ ਰਫਤਾਰ ਨਾਲ ਗੁਜਰ ਰਹੇ ਹਨ। ਇਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਪਾਬੰਦੀ ਦਾ ਕੋਈ ਅਸਰ ਨਹੀਂ ਹੈ। ਦੂਜੇ ਪਾਸੇ ਪੁਲੀਸ ਵੀ ਇਨ੍ਹਾਂ ਟਿੱਪਰਾਂ ਨੂੰ ਰੋਕਣ ਵਿੱਚ ਬੇਬੱਸ ਹੈ। ਜਦੋਂ ਪੁਲੀਸ ਥਾਣਾ ਨੂਰਪੁਰ ਬੇਦੀ ਦੇ ਐੱਸਐੱਚਓ ਗੁਰਬਿੰਦਰ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਕਿਹਾ ਕਿ ਉਹ ਅੱਜ ਹੀ ਨਾਕਾ ਲਾ ਕੇ ਟਿੱਪਰਾਂ ਖ਼ਿਲਾਫ਼ ਕਾਰਵਾਈ ਕਰਨਗੇ। ਉਧਰ ਪੀੜਤ ਲੋਕਾਂ ਨੇ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਅਤੇ ਐੱਸਐੱਸਪੀ ਗੁਰਲੀਨ ਸਿੰਘ ਤੋਂ ਮੰਗ ਕੀਤੀ ਕਿ ਪਾਬੰਦੀ ਦੇ ਬਾਵਜੂਦ ਚੱਲਣ ਵਾਲੇ ਟਿੱਪਰਾਂ ਖਿਲਾਫ ਕਾਰਵਾਈ ਕੀਤੀ ਜਾਵੇ।