ਪਾਵਰਕੌਮ ਮੁਲਾਜ਼ਮ ਹਰਪ੍ਰੀਤ ਸਿੰਘ ਦਾ ਸਸਕਾਰ
ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਬਨੂੜ/ਜ਼ੀਰਕਪੁਰ, 1 ਮਈ
ਇੱਥੋਂ ਦੇ ਵਾਰਡ ਨੰਬਰ ਦਸ ਦੇ ਵਸਨੀਕ ਹਰਪ੍ਰੀਤ ਸਿੰਘ ਹੈਪੀ ਪੁੱਤਰ ਰਜਿੰਦਰ ਸਿੰਘ ਦੀ ਕੱਲ੍ਹ ਟਰਾਂਸਫਾਰਮਰ ਠੀਕ ਕਰਦਿਆਂ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਉਸ ਦਾ ਅੱਜ ਬਨੂੜ ਦੇ ਬਾਂਡਿਆਂ ਬਸੀ ਸਥਿਤ ਸ਼ਮਸ਼ਾਨਘਾਟ ’ਚ ਸਸਕਾਰ ਕੀਤਾ ਗਿਆ। ਇਸ ਮੌਕੇ ਪਾਵਰਕੌਮ ਮੁਲਜ਼ਮਾਂਂ ਤੋਂ ਇਲਾਵਾ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ, ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਜੱਸੀ, ਕੌਂਸਲਰ ਭਾਗ ਸਿੰਘ ਡਾਂਗੀ ਤੇ ਸ਼ਹਿਰ ਵਾਸੀ ਹਾਜ਼ਰ ਸਨ।
ਮ੍ਰਿਤਕ ਦੇ ਛੋਟੇ ਭਰਾ ਇੰਦਰਪਾਲ ਸਿੰਘ ਨੇ ਚਿਤਾ ਨੂੰ ਅਗਨੀ ਦਿਖਾਈ। 28 ਸਾਲਾ ਮ੍ਰਿਤਕ ਹਰਪ੍ਰੀਤ ਸਿੰਘ ਹੈਪੀ ਦਾ ਵਿਆਹ ਇਸੇ ਵਰ੍ਹੇ ਪਹਿਲੀ ਫਰਵਰੀ ਨੂੰ ਹੋਇਆ ਸੀ। ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਸਰਕਾਰ ਤੇ ਪਾਵਰਕੌਮ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਵਾਰਸਾਂ ਨੂੰ ਪੰਜਾਹ ਲੱਖ ਮੁਆਵਜ਼ਾ ਤੇ ਮ੍ਰਿਤਕ ਦੀ ਪਤਨੀ ਨੂੰ ਨੌਕਰੀ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਕੱਲ੍ਹ ਜ਼ੀਰਕਪੁਰ ਦੀ ਪਟਿਆਲਾ ਰੋਡ ਤੇ ਸਥਿਤ ਨਿਊ ਡਿਫੈਂਸ ਕਲੋਨੀ ’ਚ ਕੰਮ ਕਰ ਰਿਹਾ ਸੀ। ਘਟਨਾ ਮਗਰੋਂ ਉਸ ਦੇ ਸਾਥੀ ਹਰਪ੍ਰੀਤ ਸਿੰਘ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਹਸਪਤਾਲ ’ਚ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਿਜਲੀ ਮੁਲਾਜ਼ਮਾਂ ਨੇ ਰੋਸ ਪ੍ਰਗਟਾਇਆ ਕਿ ਪਾਵਰਕੌਮ ਵੱਲੋਂ ਮੁਲਾਜ਼ਮਾਂ ਨੂੰ ਸੁਰੱਖਿਆ ਦਾ ਪੂਰਾ ਸਾਮਾਨ ਨਹੀਂ ਦਿੱਤਾ ਜਾਂਦਾ।