ਧਨੌਰੀ ਨੇ ਜਿੱਤਿਆ ਬੀਐੱਸਓਆਈ ਵੱਲੋਂ ਕਰਾਇਆ ਕਬੱਡੀ ਕੱਪ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 1 ਮਈ
ਸ਼ਹੀਦ ਭਗਤ ਸਿੰਘ ਆਰਗੇਨਾਈਜ਼ੇਸ਼ਨ ਆਫ ਇੰਡੀਆ (ਬੀਐਸਓਆਈ) ਵੱਲੋਂ ਸੋਹਾਣਾ ਵਿੱਚ ਕਰਵਾਏ ਕਬੱਡੀ ਕੱਪ ਵਿੱਚ ਧਨੌਰੀ ਦੀ ਟੀਮ ਨੇ ਘਲੋਟੀ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮ ਨੂੰ 51 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 41 ਹਜ਼ਾਰ ਦਾ ਨਗਦ ਇਨਾਮ ਦਿੱਤਾ ਗਿਆ। ਸ਼ੀਰਾ ਚੱਕ ਅਲੀ ਸ਼ੇਰ ਤੇ ਸੁੱਖੀ ਖੁੱਡਾ ਅਲੀ ਸ਼ੇਰ ਨੂੰ ਸਾਂਝੇ ਬਿਹਤਰੀਨ ਧਾਵੀ ਅਤੇ ਜਾਰੀ ਧਨੌਰੀ ਤੇ ਸ਼ੇਰੂ ਧਨੌਰੀ ਨੂੰ ਸਾਂਝੇ ਬਿਹਤਰੀਨ ਜਾਫ਼ੀ ਚੁਣਿਆ ਗਿਆ।
ਪ੍ਰਬੰਧਕਾਂ ਗੁਰੀ ਬੈਦਵਾਣ, ਹਰਮਨ ਬੈਦਵਾਣ, ਚੰਨੀ ਬੈਦਵਾਣ, ਗਿੰਦਾ ਬੈਦਵਾਣ, ਹੈਪੀ ਬੈਦਵਾਣ, ਲੱਕੀ ਸੋਹਾਣਾ, ਗੁਰਪ੍ਰੀਤ ਸਿੰਘ ਮੌਜਪੁਰ, ਰੌਬਿਨ ਸੋਹਾਣਾ ਤੇ ਪਾਰਸ ਚੇਅਰਮੈਨ ਦੀ ਅਗਵਾਈ ਹੇਠ ਹੋਏ ਟੂਰਨਾਮੈਂਟ ’ਚ ਓਪਨ ਦੀਆਂ 16 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ’ਚ 45 ਕਿਲੋ ਵਰਗ ਭਾਰ ਦੇ ਕਬੱਡੀ ਮੁਕਾਬਲੇ ਵੀ ਕਰਾਏ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਮੁੱਖ ਮਹਿਮਾਨ ਤੇ ਮੁਹਾਲੀ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਡਵੋਕੇਟ ਗਗਨਦੀਪ ਸਿੰਘ ਬੈਦਵਾਣ ਤੇ ਗੁਰਮੀਤ ਸਿੰਘ ਨੰਬਰਦਾਰ ਨੇ ਵੀ ਖ਼ਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਪ੍ਰਬੰਧਕਾਂ ਨੇ ਜੇਤੂਆਂ ਤੇ ਮਹਿਮਾਨਾਂ ਦਾ ਸਨਮਾਨ ਕੀਤਾ।