ਸਕੂਲ ’ਚ ਵਿਸ਼ਵ ਜਲ ਦਿਵਸ ਮਨਾਇਆ
ਫ਼ਤਹਿਗੜ੍ਹ ਸਾਹਿਬ: ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫ਼ਤਹਿਗੜ੍ਹ ਸਾਹਿਬ ਵੱਲੋਂ ਜਲ ਪਖਵਾੜਾ ਪ੍ਰੋਗਰਾਮ ਤਹਿਤ ਪਾਣੀ ਦੀ ਸੰਭਾਲ ਨਾਲ ਸਬੰਧਤ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਤੀਜੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਨੂੰ ਆਡੀਓ-ਵਿਜ਼ੂਅਲ ਪ੍ਰੋਗਰਾਮ ਦੁਆਰਾ ‘ਪਾਣੀ ਬਚਾਓ’ ਮੁਹਿੰਮ ਤੋਂ ਜਾਣੂ ਕਰਵਾਇਆ ਗਿਆ। ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਛੋਟੇ ਬੱਚਿਆਂ ਵੱਲੋਂ ਪਾਣੀ ਦੀ ਮਹੱਤਤਾ ਨੂੰ ਦਰਸਾਉਂਦਾ ਸਕਿੱਟ ਪੇਸ਼ ਕੀਤਾ ਗਿਆ। ਮਿਡਲ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਕਵਿਤਾ, ਭਾਸ਼ਣ, ਪੇਟਿੰਗ ਰਾਹੀਂ ਅਤੇ ਸਲੋਗਨ ਲਿਖ ਕੇ ਪਾਣੀ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਸ ਸਬੰਧੀ ਬੱਚਿਆਂ ਦੇ ਲੇਖ ਅਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਪ੍ਰਿੰਸੀਪਲ ਅਰਸ਼ਦੀਪ ਕੌਰ ਨੇ ਵਿਦਿਆਰਥੀਆਂ ਨੂੰ ਪਾਣੀ ਦੀ ਸਹੀ ਵਰਤੋਂ ਬਾਰੇ ਜਾਣੂ ਕਰਵਾਇਆ। -ਨਿੱਜੀ ਪੱਤਰ ਪ੍ਰੇਰਕ
ਗੁਰੂ ਗ੍ਰੰਥ ਸਾਹਿਬ ’ਵਰਸਿਟੀ ਵੱਲੋਂ ਗਤਕਾ ’ਤੇ ਸੈਮੀਨਾਰ
ਫ਼ਤਹਿਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵਿੱਚ ਵਿਰਾਸਤੀ ਖੇਡ ਗਤਕਾ ਉੱਤੇ ਡੀਨ ਵਿਦਿਆਰਥੀ ਭਲਾਈ ਅਤੇ ਸਰੀਰਕ ਸਿੱਖਿਆ ਅਤੇ ਖੇਡ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ‘ਵਿਰਾਸਤੀ ਅਤੇ ਸਿੱਖ ਮਾਰਸਲ ਆਰਟ ਗਤਕਾ’ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਕੌਮੀ ਗਤਕਾ ਖਿਡਾਰੀ ਗੁਰਮੇਲ ਸਿੰਘ ਬਿਲਿੰਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਾਈਸ ਚਾਂਸਲਰ ਡਾ. ਪਰਿਤ ਪਾਲ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੁਆਰਾ ਸ਼ਰੀਰਕ ਸਿੱਖਿਆ ਤੇ ਖੇਡ ਟੈਕਨੋਲੋਜੀ ਵਿਭਾਗ ਵਿੱਚ ਸਾਲ 2019 ਤੋਂ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸਪੀਸਿੰਘ ਉਬਰਾਏ ਦੇ ਸਹਿਯੋਗ ਨਾਲ ਗਤਕਾ ਖੇਡ ਦਾ ਇੱਕ ਸਾਲਾ ਕੋਰਸ ਕਰਵਾਇਆ ਜਾ ਰਿਹਾ ਹੈ। ਸੈਮੀਨਾਰ ਵਿੱਚ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ, ਡਾ. ਸਿਕੰਦਰ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਲੁਠੇੜੀ ਸਕੂਲ ਦੇ ਅਧਿਆਪਕਾਂ ਦਾ ਸੇਵਾਮੁਕਤੀ ’ਤੇ ਸਨਮਾਨ
ਚਮਕੌਰ ਸਾਹਿਬ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਵਿੱਚੋਂ ਸੇਵਾਮੁਕਤ ਹੋਏ ਲੈਕਚਰਾਰ ਅਰਥ-ਸ਼ਾਸਤਰ ਮਧੂ ਬਾਲਾ ਅਤੇ ਲੈਕਚਰਾਰ ਰਾਜਨੀਤੀ ਸ਼ਾਸਤਰ ਦਵਿੰਦਰ ਸਿੰਘ ਮਕੜੌਨਾ ਦਾ ਸਨਮਾਨ ਕੀਤਾ ਗਿਆ। ਅਧਿਆਪਕ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਲੈਕਚਰਾਰ ਮਧੂ ਬਾਲਾ 31 ਮਾਰਚ ਨੂੰ ਤੇ ਦਵਿੰਦਰ ਸਿੰਘ ਮਕੜੌਨਾ 30 ਅਪਰੈਲ ਨੂੰ ਸੇਵਾਮੁਕਤ ਹੋਏ। ਇਨ੍ਹਾਂ ਦੇ ਸਨਮਾਨ ਲਈ ਅੱਜ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਅਧਿਆਪਨ ਸਭ ਤੋਂ ਮਹਾਨ ਸੇਵਾ ਹੈ। ਇਸ ਮੌਕੇ ਕੁਲਦੀਪ ਕੌਰ, ਮੋਨਿਕਾ ਸ਼ਰਮਾ, ਸੁਰੀਨਾ ਰਾਏ, ਮਨਿੰਦਰ ਕੌਰ, ਸੁਰਮੁਖ ਸਿੰਘ, ਜਸਵਿੰਦਰ ਕੌਰ, ਰੋਜ਼ੀ ਰਾਣੀ, ਪਾਰੁਲ ਨੰਦਾ, ਦਵਿੰਦਰਪਾਲ ਸਿੰਘ, ਮੋਨਿਕਾ ਗੁਪਤਾ ਅਤੇ ਹਰਿੰਦਰ ਕੁਮਾਰ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਕੁਦਰਤੀ ਸਰੋਤਾਂ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ: ਬਲਬੀਰ ਸਿੰਘ
ਫ਼ਤਹਿਗੜ੍ਹ ਸਾਹਿਬ: ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਪਾਣੀ ਨੂੰ ਲੈ ਕੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚਕਾਰ ਲੰਮੇ ਅਰਸੇ ਤੋਂ ਵਿਵਾਦ ਚੱਲ ਰਿਹਾ ਹੈ। ਉਨ੍ਹਾਂ ਕਿਹਾ ਹੁਣ ਹਰਿਆਣਾ ਦੇ ਇੱਕ ਆਗੂ ਨੇ ਧਮਕੀ ਦਿੱਤੀ ਹੈ ਕਿ ਜੇ ਹਰਿਆਣਾ ਨੂੰ ਵਾਧੂ ਪਾਣੀ ਨਾ ਦਿੱਤਾ ਗਿਆ ਤਾਂ ਕੌਮੀ ਰਾਜਮਾਰਗ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੌਕੇ ਬੋਰਡ ਦੇ ਡਾਇਰੈਕਟਰ ਅਕਾਸ਼ਦੀਪ ਸਿੰਘ ਨੂੰ ਬਦਲਣਾ ਵੱਡੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ। -ਨਿੱਜੀ ਪੱਤਰ ਪ੍ਰੇਰਕ
ਡੀਏਵੀ ਸਕੂਲ ਵਿੱਚ ਫੈਸਟ
ਚੰਡੀਗੜ੍ਹ: ਇੱਥੋਂ ਦੇ ਡੀਏਵੀ ਮਾਡਲ ਸਕੂਲ ਸੈਕਟਰ-15 ਵਿੱਚ ਫੈਸਟ ਕਰਵਾਇਆ ਗਿਆ। ਇਸ ਮੌਕੇ ਟ੍ਰਾਈਸਿਟੀ ਦੇ 50 ਸਕੂਲਾਂ ਦੇ 800 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਪੋਸਟਰ ਮੇਕਿੰਗ, ਸਕ੍ਰੀਨ ਮਾਸਟਰ, ਵਿਗਿਆਨਕ ਸੁਭਾਅ, ਕਵਿਤਾ ਪਾਠ, ਸਟਾਰ ਸ਼ੈੱਫ, ਕੁਇਜ਼, ਫੈਂਸੀ ਡਰੈੱਸ, ਬੁੱਕ ਵਿਜ਼ਰਡ, ਲੋਕ ਨਾਚ ਅਤੇ ਲੋਕ ਗੀਤ ਮੁਕਾਬਲੇ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਕੂਲ ਦੇ ਵਾਈਸ ਚੇਅਰਮੈਨ ਆਰਸੀ ਜੀਵਨ, ਪ੍ਰਿੰਸੀਪਲ ਮਧੂ ਬਹਿਲ, ਪ੍ਰਿੰਸੀਪਲ ਐਸ ਮਾਰੀਆ, ਸਕੂਲ ਦੇ ਐੱਲਐੱਮਸੀ ਮੈਂਬਰ ਵਿਨੋਦ ਕਪੂਰ ਅਤੇ ਸਕੂਲ ਦੀ ਪ੍ਰਿੰਸੀਪਲ ਅਨੁਜਾ ਸ਼ਰਮਾ ਨੇ ਜੇਤੂਆਂ ਦਾ ਸਰਟੀਫਿਕੇਟ ਅਤੇ ਟਰਾਫੀਆਂ ਨਾਲ ਸਨਮਾਨ ਕੀਤਾ। ਇਸ ਮੌਕੇ ਓਵਰਆਲ ਟਰਾਫੀ ਸੇਂਟ ਏਨਸ ਕਾਨਵੈਂਟ ਸਕੂਲ, ਸੈਕਟਰ 32 ਨੂੰ ਦਿੱਤੀ ਗਈ। -ਟਨਸ
ਇੰਜੀਨੀਅਰ ਬਣਨਾ ਚਾਹੁੰਦੈ ਮਨਰਾਜ ਸਿੰਘ
ਐੱਸਏਐੱਸ ਨਗਰ (ਮੁਹਾਲੀ): ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਸ਼ਨ ਐਗਜ਼ਾਮੀਨੇਸ਼ਨਜ਼ (ਸੀਆਈਐੱਸਸੀਈ) ਵੱਲੋਂ ਕੱਲ੍ਹ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਯਾਦਵਿੰਦਰਾ ਪਬਲਿਕ ਸਕੂਲ (ਵਾਈਪੀਐੱਸ) ਦੇ ਨਾਨ-ਮੈਡੀਕਲ ਗਰੁੱਪ ਦੇ ਵਿਦਿਆਰਥੀ ਮਨਰਾਜ ਸਿੰਘ ਪੁੱਤਰ ਗੁਰਵਿੰਦਰ ਸਿੰਘ ਨੇ 94.75 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਵਿੱਚ ਟੌਪ ਕੀਤਾ ਹੈ। ਮਨਰਾਜ ਨੇ ਮੁਹਾਲੀ ਸ਼ਹਿਰ, ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਰੀਅਲ ਅਸਟੇਟ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਮਨਰਾਜ ਸਿੰਘ ਰੋਜ਼ਾਨਾ 10 ਘੰਟੇ ਪੜ੍ਹਦਾ ਸੀ, ਜਿਸ ਨੂੰ ਉਸ ਦੀ ਸਖ਼ਤ ਮਿਹਨਤ ਦਾ ਫਲ ਮਿਲਿਆ ਹੈ। -ਪੱਤਰ ਪ੍ਰੇਰਕ