ਕਾਂਗਰਸ ਸਰਕਾਰ ਆਉਣ ’ਤੇ ‘ਆਪ’ ਦੀਆਂ ਵਧੀਕੀਆਂ ਦਾ ਹੋਵੇਗਾ ਹਿਸਾਬ: ਬੈਂਸ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਮਾਰਚ
ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਉਣ ਵਾਲੀ ਅਗਲੀ ਕਾਂਗਰਸ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੀਆਂ ਵਧੀਕੀਆਂ ਦਾ ਪੂਰਾ ਹਿਸਾਬ ਕਰੇਗੀ।
ਉਹ ਅੱਜ ਇੱਥੇ ਓਬੀਸੀ ਡਿਪਾਰਟਮੈਂਟ ਪੰਜਾਬ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਕਲੇਰ ਅਤੇ ਸਕੱਤਰ ਰਾਜਵਿੰਦਰ ਕੌਰ ਵੱਲੋਂ ਭਗਵੰਤ ਸਿੰਘ ਨੂੰ ਜ਼ਿਲ੍ਹਾ ਉਪ ਚੇਅਰਮੈਨ ਅਤੇ ਹਰਦੇਵ ਸਿੰਘ ਮਿੱਠੀ ਨੂੰ ਉਪ ਚੇਅਰਮੈਨ ਹਲਕਾ ਗਿੱਲ ਦਾ ਨਿਯੁਕਤੀ ਪੱਤਰ ਸੌਂਪਣ ਸਮੇਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕਾਂਗਰਸੀ ਵਰਕਰਾਂ ਨਾਲ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ। ‘ਆਪ’ ਸਰਕਾਰ ਦੇ ਆਗੂਆਂ ਦੇ ਇਸ਼ਾਰਿਆਂ ਉੱਤੇ ਪੰਜਾਬ ਪੁਲੀਸ ਵੱਲੋਂ ਕਾਂਗਰਸੀ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਪ ਵਿੱਚ ਸ਼ਾਮਿਲ ਕਰਨ ਲਈ ਡਰਾਇਆ ਧਮਕਾਇਆ ਜਾ ਰਿਹਾ ਹੈ।
ਬੈਂਸ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਜੋ ਕਾਂਗਰਸ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।ਇਸ ਮੌਕੇ ਹਰਦੀਪ ਸਿੰਘ ਮਾਲਾ ਸਾਬਕਾ ਸਰਪੰਚ, ਮਨਦੀਪ ਸਿੰਘ ਮਨੀ ਮੈਂਬਰ ਪੰਚਾਇਤ, ਗੁਰਮੀਤ ਸਿੰਘ, ਭੁਪਿੰਦਰ ਸਿੰਘ, ਰਾਮ ਸਿੰਘ, ਸੁਖਬੀਰ ਸਿੰਘ ਰਾਜਪੂਤ, ਸਤੀਸ਼ ਕੁਮਾਰ ਅਤੇ ਪਿਆਰਾ ਸਿੰਘ ਤੇ ਹੋਰ ਹਾਜ਼ਰ ਸਨ।