ਕਰਤੱਵਿਆ ਪੱਥ ਤੋਂ ਰਾਸ਼ਟਰੀ ਯੁੱਧ ਸਮਾਰਕ ਤੱਕ ਤਿਰੰਗਾ ਸ਼ੌਰਿਆ ਸਨਮਾਨ ਯਾਤਰਾ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਮਈ
ਇੱਥੇ ਅੱਜ ਦੁਪਹਿਰ ਨੂੰ ਕਰਤੱਵਿਆ ਪੱਥ ਤੋਂ ਰਾਸ਼ਟਰੀ ਯੁੱਧ ਸਮਾਰਕ ਤੱਕ ਤਿਰੰਗਾ ਸ਼ੌਰਿਆ ਸਨਮਾਨ ਯਾਤਰਾ
ਕੱਢੀ ਗਈ। ਸ਼ਾਮ ਨੂੰ ਕਰਤੱਵਿਆ ਪੱਥ ਤੋਂ ਰਾਸ਼ਟਰੀ ਯੁੱਧ ਸਮਾਰਕ ਤੱਕ ਤਿਰੰਗਾ ਸ਼ੌਰਿਆ ਸਨਮਾਨ ਯਾਤਰਾ ਦੇ ਮੱਦੇਨਜ਼ਰ, ਸੀ-ਹੈਕਸਾਗਨ ਅਤੇ ਇੰਡੀਆ ਗੇਟ ਖੇਤਰ ਦੇ ਆਲੇ-ਦੁਆਲੇ ਰੋਕਾਂ ਲਾਉਣ ਕਰਕੇ ਕਈ ਥਾਈਂ ਜਾਮ ਲੱਗੇ। ਯਾਤਰਾ ਵਿੱਚ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਹਥਿਆਰਬੰਦ ਸੈਨਾਵਾਂ ਦੇ ਸਨਮਾਨ ਲਈ ਭਾਜਪਾ ਦੀ ਅੱਜ ਦੇਸ਼ ਵਿਆਪੀ ‘ਤਿਰੰਗਾ ਯਾਤਰਾ’ ਤਹਿਤ ਦਿੱਲੀ ਵਿੱਚ ਵੀ ਤਿਰੰਗਾ ਯਾਤਰਾ ਕੱਢੀ ਗਈ। ਇਸ ਦਾ ਮਕਸਦ ਹਥਿਆਰਬੰਦ ਸੈਨਾਵਾਂ ਦੇ ਸਨਮਾਨ, ਰਾਸ਼ਟਰੀ ਮਾਣ ਅਤੇ ਏਕਤਾ ਦੀ ਭਾਵਨਾ ਪੈਦਾ ਕਰਨ ਸੀ, ਜਿਸ ਦਾ ਵਿਸ਼ੇਸ਼ ਧਿਆਨ ਭਾਰਤੀ ਫੌਜ ਦੀ ਬਹਾਦਰੀ ਨੂੰ ਮਾਨਤਾ ਦੇਣਾ ਰਿਹਾ। ਹਾਲ ਹੀ ਵਿੱਚ ਸਮਾਪਤ ਹੋਏ ਅਤੇ ਸਫਲ ‘ਆਪ੍ਰੇਸ਼ਨ ਸਿੰਧੂਰ’ ਦੇ ਮੱਦੇਨਜ਼ਰ ਇੱਥੇ ਇਹ ਸਮਾਗਮ ਕਰਵਾਇਆ ਗਿਆ। ਇਹ ਯਾਤਰਾ 13 ਤੋਂ 23 ਮਈ ਤੱਕ ਚੱਲੇਗੀ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਗਈ ਹੈ। ਭਾਜਪਾ ਦਾ ਉਦੇਸ਼ ਦੇਸ਼ ਭਗਤੀ, ਰਾਸ਼ਟਰੀ ਏਕਤਾ ਅਤੇ ਤਿਰੰਗੇ ਪ੍ਰਤੀ ਸਤਿਕਾਰ ਦੇ ਸੰਦੇਸ਼ ’ਤੇ ਜ਼ੋਰ ਦਿੰਦੇ ਹੋਏ, ਭਾਈਚਾਰਿਆਂ ਅਤੇ ਖੇਤਰਾਂ ਦੇ ਨਾਗਰਿਕਾਂ ਨਾਲ ਜੁੜਨਾ ਹੈ। ਕਰਤੱਵਿਆ ਪੱਥ ਤੋਂ ਰਾਸ਼ਟਰੀ ਯੁੱਧ ਸਮਾਰਕ ਤੱਕ ਤਿਰੰਗਾ ਯਾਤਰਾ ਵਿੱਚ ਨਾਗਰਿਕਾਂ, ਸਕਾਊਟਾਂ ਅਤੇ ਐੱਨਸੀਸੀ ਕੈਡੇਟਾਂ ਨੇ ਹਿੱਸਾ ਲਿਆ। ਉਨ੍ਹਾਂ ਹੱਥਾਂ ਵਿੱਚ ਤਿਰੰਗੇ ਝੰਡੇ ਫੜੇ ਹੋਏ ਸਨ। ਇਸ ਵਿੱਚ ਦਿੱਲੀ ਭਾਜਪਾ ਆਗੂ ਵੀ ਸ਼ਾਮਲ ਹੋਏ।
ਇਸ ਦੌਰਾਨ ਦਿੱਲੀ ਪੁਲੀਸ ਵੱਲੋਂ ਵਾਹਨਾਂ ਦੀ ਆਵਾਜਾਈ ਨੂੰ ਕੰਟਰੋਲ ਕੀਤਾ ਗਿਆ ਅਤੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਮੋੜਿਆ ਗਿਆ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਕਿ ਉਹ ਇਸ ਖੇਤਰ ਤੋਂ ਬਚਣ ਅਤੇ ਮੁਸ਼ਕਲ ਰਹਿਤ ਯਾਤਰਾ ਨੂੰ ਯਕੀਨੀ ਬਣਾਉਣ ਲਈ ਹੋਰ ਰੂਟਾਂ ਦੀ ਵਰਤੋਂ ਕਰਨ। ਦਿੱਲੀ ਟਰੈਫਿਕ ਪੁਲੀਸ ਵੱਲੋਂ ਟਵੀਟ ਕਰਕੇ ਇੰਡੀਆ ਗੇਟ ਤੋਂ ਬਚਣ ਲਈ ਕਿਹਾ ਗਿਆ। ਟਰੈਫਿਕ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਖੇਤਰ ਵਿੱਚ ਵਾਹਨਾਂ ਦੀ ਆਵਾਜਾਈ ਨੂੰ ਨਿਯੰਤਰਿਤ ਕੀਤਾ ਗਿਆ, ਤਿਲਕ ਮਾਰਗ, ਰਫੀ ਮਾਰਗ, ਜਨਪਥ, ਅਸ਼ੋਕਾ ਰੋਡ, ਮਾਨ ਸਿੰਘ ਰੋਡ, ਸ਼ਾਹਜਹਾਂ ਰੋਡ, ਜ਼ਾਕਿਰ ਹੁਸੈਨ ਮਾਰਗ, ਪੰਡਾਰਾ ਰੋਡ ਅਤੇ ਪੁਰਾਣ ਕਿਲਾ ਰੋਡ ਸਣੇ ਵੱਖ-ਵੱਖ ਸੜਕਾਂ ’ਤੇ ਆਵਾਜਾਈ ਨੂੰ ਹੋਰ ਪਾਸਿਆਂ ਨੂੰ ਮੋੜਿਆ ਗਿਆ।
ਤਿਲਕ ਮਾਰਗ-ਭਗਵਾਨ ਦਾਸ ਰੋਡ, ਪੁਰਾਣ ਕਿਲਾ ਰੋਡ-ਮਥੁਰਾ ਰੋਡ, ਜ਼ਾਕਿਰ ਹੁਸੈਨ ਮਾਰਗ-ਸੁਬਰਾਮਨੀਅਮ ਭਾਰਤੀ ਮਾਰਗ ਅਤੇ ਵਾਧੂ ਚੌਰਾਹਿਆਂ ਸਣੇ ਮਹੱਤਵਪੂਰਨ ਜੰਕਸ਼ਨਾਂ ’ਤੇ ਟਰੈਫਿਕ ਦਾ ਰੁਖ਼ ਬਦਲਿਆ ਗਿਆ। ਇਸ ਯਾਤਰਾ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਕੈਬਨਿਟ ਮੰਤਰੀ ਸ਼ਾਮਲ ਹੋਏ।