ਏਡੀਜੀਪੀ ਰਾਏ ਦੀ ਦੇਖ-ਰੇਖ ਹੇਠ 12 ਥਾਵਾਂ ’ਤੇ ਨਾਕਾਬੰਦੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਅਪਰੈਲ
ਪੰਜਾਬ ਪੁਲੀਸ ਵੱਲੋਂ ਆਪਰੇਸ਼ਨ ਚੌਕਸੀ ਤਹਿਤ ਬੀਤੀ ਰਾਤ ਏਡੀਜੀਪੀ ਟਰੈਫਿਕ ਏਐਸਰਾਏ ਦੀ ਅਗਵਾਈ ਹੇਠ ਸ਼ਹਿਰ ਦੀਆਂ 12 ਸੰਜੀਦਾ ਥਾਵਾਂ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲੀਸ ਕਮਿਸ਼ਨਰੇਟ ਲੁਧਿਆਣਾ ਦੇ ਲਗਭਗ ਸਾਰੇ ਉੱਚ ਅਧਿਕਾਰੀ ਅਤੇ ਵੱਖ ਵੱਖ ਸਬ ਡਿਵੀਜ਼ਨ ਦੇ ਏਸੀਪੀ ਤੋਂ ਇਲਾਵਾ 240 ਦੇ ਕਰੀਬ ਪੁਲੀਸ ਮੁਲਾਜ਼ਮ ਹਾਜ਼ਰ ਸਨ। ਇਸ ਮੌਕੇ ਏਡੀਜੀਪੀ ਏਐਸਰਾਏ ਨੇ ਦੱਸਿਆ ਕਿ ਪੰਜਾਬ ਪੁਲੀਸ ਵੱਲੋਂ ਅੱਜ ਅਪਰੇਸ਼ਨ ਚੌਕਸੀ ਤਹਿਤ ਸ਼ਹਿਰ ਵਿੱਚ 12 ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ ਜੋ ਤੜਕੇ 4 ਵਜੇ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਨਾਕਾਬੰਦੀ ਦੌਰਾਨ ਹਰੇਕ ਵਾਹਨ ਦੇ ਕਾਗਜ਼ ਪੱਤਰ ਦੀ ਚੈਕਿੰਗ ਤੋਂ ਇਲਾਵਾ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੂਜੇ ਰਾਜਾਂ ਦੇ ਵਾਹਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸੀਨੀਅਰ ਅਧਿਕਾਰੀ ਇਸ ਵਕਤ ਸੜਕਾਂ ਤੇ ਪੁਲੀਸ ਨਾਕਿਆਂ ਦੀ ਨਿਗਰਾਨੀ ਕਰ ਰਹੇ ਸਨ।
ਸ੍ਰੀ ਰਾਏ ਨੇ ਦੱਸਿਆ ਕਿ ਪੁਲੀਸ ਨੂੰ ਮਿਲੀ ਖੁਫ਼ੀਆ ਇਨਪੁੱਟ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੁਲੀਸ ਵੱਲੋਂ ਸ਼ਹਿਰ ਦੀ ਅਮਨ ਕਾਨੂੰਨ ਦੀ ਹਾਲਤ ਕਾਇਮ ਰੱਖਣ ਅਤੇ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਹਰ ਹੀਲਾ ਵਰਤਿਆ ਜਾਵੇਗਾ ਤਾਂ ਜੋ ਸ਼ਰਾਰਤੀ ਅਨਸਰਾਂ ਦੇ ਮਨਸੂਬੇ ਸਫ਼ਲ ਨਾਂ ਹੋ ਸਕਣ।