ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਦੋਵਾਲ ’ਚ ਗਾਇਕ ਬੱਬੂ ਮਾਨ ਦੇ ਅਖਾੜੇ ’ਚ ਹੁੱਲੜਬਾਜ਼ੀ

05:43 AM Apr 24, 2025 IST
featuredImage featuredImage

ਜਸਬੀਰ ਸਿੰਘ ਸ਼ੇਤਰਾ

Advertisement

ਮੁੱਲਾਂਪੁਰ ਦਾਖਾ, 23 ਅਪਰੈਲ
ਗਾਇਕ ਬੱਬੂ ਮਾਨ ਦਾ ਨਜ਼ਦੀਕੀ ਪਿੰਡ ਬੱਦੋਵਾਲ ਵਿੱਚ ਬੀਤੇ ਦਿਨ ਲੱਗਿਆ ਗਾਇਕੀ ਦਾ ਅਖਾੜਾ ਲੜਾਈ ਦਾ ਅਖਾੜਾ ਬਣ ਗਿਆ। ਇਸ ਮੌਕੇ ਹੁੱਲੜਬਾਜ਼ਾਂ ਨੇ ਮਿੱਟੀ, ਬੋਤਲਾਂ ਤੇ ਕੁਰਸੀਆਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੌਕੇ ਉੱਤੇ ਮੌਜੂਦ ਪੁਲੀਸ ਦਾ ਵੀ ਲਿਹਾਜ਼ ਨਾ ਕੀਤਾ। ਇਨ੍ਹਾਂ ਹੁੱਲੜਬਾਜ਼ਾਂ ਨੇ ਤਾਂ ਪੁਲੀਸ ਕਰਮਚਾਰੀਆਂ ’ਤੇ ਵੀ ਬੋਤਲਾਂ ਤੇ ਕੁਰਸੀਆਂ ਸੁੱਟੀਆਂ। ਮੌਕੇ ’ਤੇ ਡੀਐੱਸਪੀ ਵਰਿੰਦਰ ਸਿੰਘ ਖੋਸਾ ਪੁੱਜੇ ਤੇ ਉਨ੍ਹਾਂ ਗਾਇਕੀ ਦੇ ਅਖਾੜੇ ਨੂੰ ਲੜਾਈ ਦਾ ਅਖਾੜਾ ਬਣਾਉਣ ਵਾਲਿਆਂ ਨੂੰ ਤਾੜਨਾ ਕੀਤੀ। ਬਾਅਦ ਵਿੱਚ ਪੈਦਾ ਸਥਿਤੀ ਦੇ ਮੱਦੇਨਜ਼ਰ ਬੱਬੂ ਮਾਨ ਦਾ ਅਖਾੜਾ ਰੱਦ ਕਰਵਾ ਦਿੱਤਾ ਗਿਆ। ਥਾਣਾ ਦਾਖਾ ਦੀ ਪੁਲੀਸ ਨੇ ਅਖਾੜੇ ਵਿੱਚ ਹੰਗਾਮਾ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਬੱਦੋਵਾਲ ਦਾ ਪ੍ਰਸਿੱਧ ਕਬੱਡੀ ਕੱਪ ਸੀ ਜਿਸ ਵਿੱਚ ਕਬੱਡੀ ਪ੍ਰੇਮੀਆਂ ਤੇ ਆਮ ਦਰਸ਼ਕਾਂ ਦੀ ਭੀੜ ਖਿੱਚਣ ਲਈ ਗਾਇਕ ਬੱਬੂ ਮਾਨ ਦਾ ਅਖਾੜਾ ਲਵਾਇਆ ਗਿਆ।
ਜਾਣਕਾਰੀ ਮੁਤਾਬਕ ਗਾਇਕ ਦੇ ਚੱਲਦੇ ਅਖਾੜੇ ਵਿੱਚ ਕਥਿਤ ਰੂਪ ਵਿੱਚ ਸ਼ਰਾਬ ਪੀ ਕੇ ਆਏ ਹੁੱਲੜਬਾਜ਼ਾਂ ਨੇ ਬੇਖੌਫ਼ ਹੋ ਕੇ ਹੰਗਾਮਾ ਕੀਤਾ। ਇਹ ਮਾਮਲਾ ਉਸ ਸਮੇਂ ਵਿਗੜ ਗਿਆ ਜਦੋਂ ਪੁਲੀਸ ਕਰਮਚਾਰੀਆਂ ਨੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਰੋਕਿਆ ਤਾਂ ਉਨ੍ਹਾਂ ਉਲਟਾ ਪੁਲੀਸ ਕਰਮਚਾਰੀਆਂ ਨੂੰ ਵੀ ਨਾ ਬਖ਼ਸ਼ਿਆ ਅਤੇ ਉਨ੍ਹਾਂ ਵੱਲ ਕੁਰਸੀਆਂ ਅਤੇ ਬੋਤਲਾਂ ਵਗਾਹ ਮਾਰੀਆਂ। ਇਸ ਦੌਰਾਨ ਮੌਕੇ ’ਤੇ ਹਾਜ਼ਰ ਡੀਐੱਸਪੀ ਦਾਖਾ ਵਰਿੰਦਰ ਸਿੰਘ ਖੋਸਾ ਨੇ ਇਸ ਦਾ ਗੰਭੀਰ ਨੋਟਿਸ ਲਿਆ। ਉਹ ਸਟੇਜ ’ਤੇ ਚੜ੍ਹੇ ਅਤੇ ਗਾਇਕ ਬੱਬੂ ਮਾਨ ਤੋਂ ਮਾਈਕ ਫੜ ਕੇ ਹੁੱਲੜਬਾਜ਼ਾਂ ਨੂੰ ਨੱਥ ਪਾਉਣ ਲਈ ਪੁਲੀਸ ਕਰਮਚਾਰੀਆਂ ਨੂੰ ਆਦੇਸ਼ ਦਿੱਤੇ। ਇਸ ’ਤੇ ਪੁਲੀਸ ਕਰਮਚਾਰੀਆਂ ਨੇ ਹੁੱਲੜਬਾਜ਼ਾਂ ’ਤੇ ਲਾਠੀਚਾਰਜ ਕਰ ਕੇ ਉਨ੍ਹਾਂ ਨੂੰ ਖਦੇੜਿਆ। ਅਜਿਹਾ ਕਰਦਿਆਂ ਪੁਲੀਸ ਨੇ ਨਾਲ ਵੀਡੀਓ ਬਣਾਈ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਆਦੇਸ਼ ਵੀ ਦਿੱਤਾ। ਇਸ ਤੋਂ ਪਹਿਲਾਂ ਕਿ ਮਾਹੌਲ ਹੋਰ ਖਰਾਬ ਹੁੰਦਾ ਡੀਐੱਸਪੀ ਖੋਸਾ ਨੇ ਰਾਤ ਦੇ ਕਰੀਬ ਦਸ ਵਜੇ ਅਖਾੜਾ ਬੰਦ ਕਰਵਾ ਦਿੱਤਾ।
ਥਾਣਾ ਦਾਖਾ ਦੇ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ 194 (2) ਬੀਐੱਨਐੱਸ ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇੱਕ ਦੂਜੇ ਨੂੰ ਜ਼ਖਮੀ ਕਰਨ ਮਗਰੋਂ ਇਹ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ।

ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣਾ ਪੁਲੀਸ ਦੀ ਮੁੱਢਲੀ ਜ਼ਿੰਮੇਵਾਰੀ: ਡੀਐੱਸਪੀ
ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਖੇਡ ਮੇਲੇ ਤੇ ਕਬੱਡੀ ਕੱਪ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕਰਵਾਏ ਜਾਂਦੇ ਹਨ, ਪਰ ਇੱਥੇ ਤਾਂ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਸਨ। ਇਨ੍ਹਾਂ ਸ਼ਰਾਬੀ ਨੌਜਵਾਨਾਂ ਨੇ ਹੀ ਹੰਗਾਮਾ ਕੀਤਾ ਅਤੇ ਪੁਲੀਸ ’ਤੇ ਵੀ ਹਮਲੇ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਉਹ ਖੇਡ ਮੇਲਿਆਂ ਖ਼ਿਲਾਫ਼ ਨਹੀਂ ਪਰ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣਾ ਪੁਲੀਸ ਦੀ ਮੁੱਢਲੀ ਜ਼ਿੰਮੇਵਾਰੀ ਤੇ ਫਰਜ਼ ਹੈ ਜਿਸ ਨੂੰ ਉਨ੍ਹਾਂ ਨਿਭਾਉਣ ਦਾ ਯਤਨ ਕੀਤਾ।

Advertisement

Advertisement