ਸੜਕ ਹਾਦਸਿਆਂ ’ਚ ਦੋ ਬਿਰਧ ਹਲਾਕ
ਗੁਰਿੰਦਰ ਸਿੰਘ
ਲੁਧਿਆਣਾ, 1 ਮਈ
ਥਾਣਾ ਡਵੀਜ਼ਨ ਨੰਬਰ 5 ਦੇ ਇਲਾਕੇ ਰੈਡ ਕਰਾਸ ਸੀਨੀਅਰ ਸਿਟੀਜਨ ਹੋਮਜ਼ ਸਰਾਭਾ ਨਗਰ ਨੇੜੇ ਇੱਕ ਕਾਰ ਦੀ ਟੱਕਰ ਨਾਲ ਬਜ਼ੁਰਗ ਦੀ ਮੌਤ ਹੋ ਗਈ ਹੈ। ਗੁਰਦੇਵ ਨਗਰ ਵਾਸੀ ਰਣਜੋਧ ਸਿੰਘ ਸਮਰਾ ਦੇ ਸਹੁਰਾ ਸ਼ਾਮ ਸੁੰਦਰ ਰੈਡ ਕਰਾਸ ਸੀਨੀਅਰ ਸਿਟੀਜ਼ਨ ਹੋਮਜ਼ ਸਰਾਭਾ ਨਗਰ ਵਿੱਚ ਰਹਿੰਦੇ ਸਨ। ਰਣਜੋਧ ਸਿੰਘ ਨੂੰ ਸੀਨੀਅਰ ਸਿਟੀਜ਼ਨ ਹੋਮਜ਼ ਦੇ ਕਰਮਚਾਰੀ ਨੇ ਫੋਨ ਕਰਕੇ ਦੱਸਿਆ ਕਿ ਸ਼ਾਮ ਸੁੰਦਰ ਦੇ ਸੱਟ ਲੱਗਣ ਕਾਰਨ ਦੀਪਕ ਹਸਪਤਾਲ ਸਰਾਭਾ ਨਗਰ ਵਿੱਚ ਕਰਾਇਆ ਗਿਆ ਹੈ। ਉਹ ਆਪਣੀ ਪਤਨੀ ਨਾਲ ਜਦੋਂ ਹਸਪਤਾਲ ਪੁੱਜੇ ਤਾਂ ਸ਼ਾਮ ਸੁੰਦਰ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਨੂੰ ਹਸਪਤਾਲ ਜਾ ਕੇ ਪਤਾ ਲੱਗਾ ਕਿ ਉਨੂਦੀ ਮੌਤ ਅਵਤਾਰ ਸਿੰਘ ਉਰਫ਼ ਭੋਲਾ ਵਾਸੀ ਗਰੀਨ ਫੀਲਡ ਦੀ ਇੱਕ ਕਾਰ ਇਲੈਕਟ੍ਰਾਨਿਕ ਮਹਿੰਦਰਾ ਦੀ ਟੱਕਰ ਨਾਲ ਹੋਈ ਹੈ। ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਵਤਾਰ ਸਿੰਘ ਉਰਫ਼ ਭੋਲਾ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਥਾਣਾ ਕੂੰਮਕਲਾਂ ਦੇ ਕੋਹਾੜਾ ’ਚ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆ ਕੇ ਸਕੂਟਰੀ ਚਾਲਕ ਦੀ ਮੌਤ ਹੋ ਗਈ ਹੈ। ਪਿੰਡ ਕੋਹਾੜਾ ਵਾਸੀ ਛੋਟੂ ਸ਼ਾਹ ਦੇ ਸਹੁਰਾ ਨੰਦ ਲਾਲ ਆਪਣੀ ਸਕੂਟਰੀ ’ਤੇ ਕਰਿਆਨਾ ਸਟੋਰ ਤੋਂ ਘਰ ਆ ਰਿਹਾ ਸੀ ਤਾਂ ਮੇਨ ਕੋਹਾੜਾ ਚੌਕ ਪਾਸ ਚੰਡੀਗੜ੍ਹ ਰੋਡ ਸਾਈਡ ਤੋਂ ਇੱਕ ਅਣਪਛਾਤੇ ਵਾਹਨ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਸਕੂਟਰੀ ਵਿੱਚ ਟੱਕਰ ਮਾਰੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ ਇਸ ਦੌਰਾਨ ਜ਼ਖ਼ਮੀ ਹਾਲਤ ਵਿੱਚ ਨੰਦ ਲਾਲ ਨੂੰ ਇਲਾਜ ਲਈ ਪੀਜੀਆਈ ਹਸਪਤਾਲ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਹੌਲਦਾਰ ਰਾਮ ਨਰੇਸ਼ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।