ਅਬਕਾਰੀ ਵਿਭਾਗ ਵੱਲੋਂ 24 ਪੇਟੀਆਂ ਸ਼ਰਾਬ ਸਣੇ ਮੁਲਜ਼ਮ ਕਾਬੂ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 17 ਮਈ
ਲੁਧਿਆਣਾ ਅਬਕਾਰੀ ਵਿਭਾਗ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਨੇ ਮਾਛੀਵਾੜਾ ਸਰਕਲ ਅਧੀਨ ਪੈਂਦੇ ਪਿੰਡ ਧਨਾਨਸੂ ਵਿੱਚ ਇੱਕ ਵੱਡੀ ਉਦਯੋਗਿਕ ਇਕਾਈ ਨੇੜੇ 24 ਪੇਟੀਆਂ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਵਜਿੰਦਰ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ।
ਇਸ ਸਬੰਧੀ ਅਬਕਾਰੀ ਵਿਭਾਗ ਦੇ ਐਕਸਾਈਜ਼ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਮਾਛੀਵਾੜਾ ਸਰਕਲ ਵਿਚ ਤਾਇਨਾਤ ਇੰਸਪੈਕਟਰ ਅਮਿਤ ਗੋਇਲ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਧਨਾਨਸੂ ਨੇੜੇ ਉਦਯੋਗਿਕ ਇਕਾਈਆਂ ਵਿੱਚ ਕੰਮ ਕਰਦੇ ਕਾਮਿਆਂ ਨੂੰ ਨਾਜਾਇਜ਼ ਸ਼ਰਾਬ ਸਪਲਾਈ ਹੁੰਦੀ ਹੈ। ਵਿਭਾਗ ਦੀ ਟੀਮ ਨੇ ਸਪਲਾਇਰ ਦਾ ਪਿੱਤਾ ਕੀਤੇ ਜਿਸ ਨੇ ਉਦਯੋਗਿਕ ਇਕਾਈ ਨੇੜੇ ਸ਼ੈੱਡ ਹੇਠ ਸ਼ਰਾਬ ਰੱਖੀ ਸੀ। ਇੰਸਪੈਕਟਰ ਅਮਿਤ ਗੋਇਲ ਦੀ ਟੀਮ ਨੇ ਮੁਲਜ਼ਮ ਵਜਿੰਦਰ ਸਿੰਘ ਨੂੰ ਮੱਤੇਵਾੜਾ ਪੁਲੀਸ ਚੌਕੀ ਦੇ ਸਪੁਰਦ ਕਰ ਦਿੱਤਾ ਹੈ। ਮੱਤੇਵਾੜਾ ਪੁਲੀਸ ਚੌਕੀ ਦੀ ਟੀਮ ਮੁਲਜ਼ਮ ਤੋਂ ਪੁੱਛ-ਪੜਤਾਲ ਕਰ ਰਹੀ ਹੈ।
ਸ਼ਰਾਬ ਦੀ ਹੋਮ ਡਿਲਵਰੀ ਕਰਨ ਵਾਲਾ 14 ਬੋਤਲਾਂ ਸਣੇ ਕਾਬੂ
ਮਾਛੀਵਾੜਾ ਪੁਲੀਸ ਨੇ 14 ਬੋਤਲਾਂ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਦੀ ਪਛਾਣ ਮਨੀਸ਼ ਚੰਦਰ ਵਾਸੀ ਮਾਛੀਵਾੜਾ ਵਜੋਂ ਹੋਈ ਹੈ। ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਰਾਹੋਂ ਰੋਡ ’ਤੇ ਬਰਿਸ਼ਤਾ ਕੈਫੇ ਨੇੜੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਮਨੀਸ਼ ਚੰਦਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਕਤ ਬੋਤਲਾਂ ਮਿਲੀਆਂ। ਪੁਲੀਸ ਅਨੁਸਾਰ ਮੁਲਜ਼ਮ ਫੋਨ ’ਤੇ ਆਰਡਰ ਲੈ ਕੇ ਸ਼ਰਾਬ ਦੀ ਹੋਮ ਡਿਲੀਵਰੀ ਕਰਦਾ ਸੀ।