ਰਿਸ਼ਵਤ ਲੈਣ ਦੇ ਦੋਸ਼ ਹੇਠ ਜੂਨੀਅਰ ਇੰਜਨੀਅਰ ਗ੍ਰਿਫ਼ਤਾਰ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 23 ਅਪਰੈਲ
ਪਿੰਡ ਰੂਮੀ ਵਿੱਚ ਇੱਕ ਜੂਨੀਅਰ ਇੰਜਨੀਅਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮਾਮਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸਬ-ਡਿਵੀਜ਼ਨ ਪਿੰਡ ਰੂਮੀ ਵਿੱਚ ਬਤੌਰ ਜੂਨੀਅਰ ਇੰਜਨੀਅਰ ਤਾਇਨਾਤ ਜਸਮੇਲ ਸਿੰਘ ਨਾਲ ਪਿੰਡ ਦੇਹੜਕਾ ਦੇ ਇੱਕ ਵਿਅਕਤੀ ਨੇ ਡੇਅਰੀ ਫਾਰਮ ਦਾ ਕੁਨੈਕਸ਼ਨ ਲੈਣ ਲਈ ਪਹੁੰਚ ਕੀਤੀ। ਜਸਮੇਲ ਸਿੰਘ ਨੇ ਵਿਅਕਤੀ ਤੋਂ ਕੁਨੈਕਸ਼ਨ ਲਗਾਉਣ ਬਦਲੇ 30 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਪੀੜਤ ਧਿਰ ਨੇ ਇਸਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਕੋਲ ਕੀਤੀ ਜਿਸ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਵਿਭਾਗ ਦੇ ਉੱਡਣ ਦਸਤੇ ਨੇ ਜਾਲ ਵਿਛਾਇਆ, ਜਿਸ ਦੌਰਾਨ ਉਕਤ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30 ਹਜ਼ਾਰ ਰੁਪਏ ਰਿਸ਼ਵਤ ਵਜੋਂ ਲੈਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਵਿਜੀਲੈਂਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮੁਹਾਲੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ।