ਨਿਹੰਗ ਸਿੰਘਾਂ ਨੇ ਮਾਰਕੀਟ ਕਮੇਟੀ ਦਫ਼ਤਰ ’ਚ ਮੁਲਾਜ਼ਮ ‘ਬੰਦੀ’ ਬਣਾਏ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 23 ਅਪਰੈਲ
ਇੱਥੋਂ ਦੀ ਅਨਾਜ ਮੰਡੀ ਸਥਿਤ ਮਾਰਕੀਟ ਕਮੇਟੀ ਦਫ਼ਤਰ ਵਿੱਚ ਬਾਅਦ ਦੁਪਹਿਰ ਆਏ ਦਰਜਨ ਦੇ ਕਰੀਬ ਨਿਹੰਗ ਸਿੰਘਾਂ ਨੇ ਕਰਮਚਾਰੀ ਦਫ਼ਤਰ ਅੰਦਰ ਹੀ ਡੱਕ ਲਏ। ਕਰਮਚਾਰੀਆਂ ਨੇ ਫੌਰੀ ਉਪ ਮੰਡਲ ਮੈਜਿਸਟਰੇਟ ਨੂੰ ਸਥਿਤੀ ਤੋਂ ਜਾਣੂ ਕਰਵਾਇਆ ਜਿਨ੍ਹਾਂ ਮੌਕੇ ’ਤੇ ਪੁਲੀਸ ਭੇਜੀ। ਥਾਣਾ ਸਿਟੀ ਦੇ ਇੰਚਾਰਜ ਵਰਿੰਦਰ ਸਿੰਘ ਉੱਪਲ ਨੇ ਆ ਕੇ ਮੌਕਾ ਸੰਭਾਲਿਆ ਅਤੇ ਕਾਫ਼ੀ ਜੱਦੋ-ਜਹਿਦ ਮਗਰੋਂ ਸ਼ਾਮ ਨੂੰ ਜਾ ਕੇ ‘ਬੰਦੀ’ ਬਣਾਏ ਸਰਕਾਰੀ ਕਰਮਚਾਰੀ ਬਾਹਰ ਕੱਢੇ। ਐੱਸਐੱਚਓ ਵਰਿੰਦਰ ਸਿੰਘ ਉੱਪਲ ਨੇ ਮਾਰਕੀਟ ਕਮੇਟੀ ਦਫ਼ਤਰ ਪਹੁੰਚ ਕੇ ਉੱਥੇ ਮੌਜੂਦ ਨਿਹੰਗ ਸਿੰਘਾਂ ਤੋਂ ਪੁੱਛਗਿੱਛ ਕੀਤੀ। ਇਸ ’ਤੇ ਨਿਹੰਗ ਸਿੰਘਾਂ ਨੇ ਦੋਸ਼ ਲਾਇਆ ਕਿ ਮੰਡੀ ਦੇ ਪ੍ਰਬੰਧ ਸੁਚਾਰੂ ਨਹੀਂ ਹਨ ਅਤੇ ਮਾਰਕੀਟ ਕਮੇਟੀ ਦਫ਼ਤਰ ਵਿੱਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਹੋ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੰਗਿਆ ਹੋਇਆ ਰਿਕਾਰਡ ਵੀ ਨਹੀਂ ਦਿੱਤਾ ਜਾ ਰਿਹਾ ਜਦਕਿ ਮਾਰਕੀਟ ਕਮੇਟੀ ਦਾ ਸੈਕਟਰੀ ਵੀ ਮੌਕੇ ’ਤੇ ਮੌਜੂਦ ਨਹੀਂ ਹੈ। ਇਸ ’ਤੇ ਥਾਣਾ ਮੁਖੀ ਨੇ ਕਿਹਾ ਕਿ ਅਜਿਹੀ ਕੋਈ ਸ਼ਿਕਾਇਤ ਹੈ ਤਾਂ ਲਿਖਤੀ ਦਿੱਤੀ ਜਾਵੇ। ਨਿਹੰਗ ਸਿੰਘਾਂ ਦਾ ਕਹਿਣਾ ਸੀ ਕਿ ਉਹ ਸਾਰੀਆਂ ਮੰਡੀਆਂ ਚੈੱਕ ਕਰ ਰਹੇ ਹਨ ਅਤੇ ਬਹੁਤੀ ਥਾਈਂ ਨਾਕਸ ਪ੍ਰਬੰਧ ਹਨ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ।
ਐੱਸਐੱਚਓ ਵਰਿੰਦਰ ਸਿੰਘ ਉੱਪਲ ਨੇ ਕਿਹਾ ਕਿ ਕਾਨੂੰਨ ਹੱਥ ਵਿੱਚ ਲੈਣਾ ਅਤੇ ਸਰਕਾਰੀ ਦਫ਼ਤਰ ਵਿੱਚ ਜਾ ਕੇ ਮੁਲਾਜ਼ਮਾਂ ਨੂੰ ਇੰਝ ਅੰਦਰ ਬੰਦ ਕਰ ਦੇਣਾ ਸੰਗੀਨ ਜੁਰਮ ਹੈ। ਪੁਲੀਸ ਵੱਲੋਂ ਮੌਕੇ ’ਤੇ ਦਖ਼ਲ ਮਗਰੋਂ ਇਹ ਨਿਹੰਗ ਸਿੰਘ ਮੌਕੇ ਤੋਂ ਚਲੇ ਗਏ। ਖ਼ਬਰ ਲਿਖੇ ਜਾਣ ਤੱਕ ਪੁਲੀਸ ਨੇ ਇਸ ਸਬੰਧੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਸੀ ਲਿਆਂਦੀ।