ਏਅਰਟੈੱਲ ਵੱਲੋਂ ਸਪੈਮਰ ਕਾਲ ਦੀ ਪਛਾਣ ਲਈ ਨਵੀਂ ਸੇਵਾ ਸ਼ੁਰੂ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਅਪਰੈਲ
ਏਅਰਟੈੱਲ ਵੱਲੋਂ ਅੱਜ ਦੋ ਮਹੱਤਵਪੂਰਨ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸਦਾ ਉਦੇਸ਼ ਸਪੈਮਰ ਕਾਲ ਦੀ ਸ਼ਨਾਖਤ ਕਰਨ ਵਿੱਚ ਗਾਹਕ ਦੀ ਮਦਦ ਕਰਨਾ ਹੈ। ਹਾਲ ਹੀ ਵਿੱਚ ਆਪਣੇ ਏਆਈ-ਅਧਾਰਿਤ ਸਪੈਮ ਖੋਜ ਟੂਲ ਦੀ ਸ਼ੁਰੂਆਤ ਤੋਂ ਬਾਅਦ ਏਅਰਟੈੱਲ ਦੇ ਸਿਸਟਮ ਨੇ ਹੁਣ ਤੱਕ 27.5 ਅਰਬ ਤੋਂ ਵੱਧ ਕਾਲਾਂ ਨੂੰ ਸਪੈਮ ਵਜੋਂ ਪਛਾਣਿਆ ਹੈ ਅਤੇ ਖਪਤਕਾਰਾਂ ਨੂੰ ਸੁਚੇਤ ਕੀਤਾ ਹੈ।ਭਾਰਤੀ ਏਅਰਟੈੱਲ ਦੇ ਕਨੈਕਟਡ ਹੋਮਜ਼ ਦੇ ਡਾਇਰੈਕਟਰ ਮਾਰਕੀਟਿੰਗ ਅਤੇ ਸੀਈਓ ਸਿਧਾਰਥ ਸ਼ਰਮਾ ਨੇ ਦੱਸਿਆ ਕਿ ਹੁਣ ਗਾਹਕਾਂ ਨੂੰ ਆਪਣੀਆਂ ਪਸੰਦੀਦਾ ਭਾਰਤੀ ਭਾਸ਼ਾਵਾਂ ਵਿੱਚ ਕਾਲਾਂ ਅਤੇ ਸੁਨੇਹਿਆਂ ਲਈ ਸਪੈਮ ਅਲਰਟ ਮਿਲਣਗੇ। ਇਹ ਨਵੀਂ ਵਿਸ਼ੇਸ਼ਤਾ ਸ਼ੁਰੂ ਵਿੱਚ ਹਿੰਦੀ, ਮਰਾਠੀ, ਬੰਗਾਲੀ, ਗੁਜਰਾਤੀ, ਤਾਮਿਲ, ਕੰਨੜ, ਮਲਿਆਲਮ, ਤੇਲਗੂ, ਪੰਜਾਬੀ ਅਤੇ ਉਰਦੂ ਸਮੇਤ 10 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੋਵੇਗੀ ਅਤੇ ਭਵਿੱਖ ਵਿੱਚ ਹੋਰ ਭਾਸ਼ਾਵਾਂ ਸ਼ਾਮਲ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਸੇਵਾਵਾਂ ਪੂਰੀ ਤਰ੍ਹਾਂ ਮੁਫ਼ਤ ਹਨ ਅਤੇ ਇਨ੍ਹਾਂ ਨੂੰ ਕਿਰਿਆਸ਼ੀਲ ਕਰਨ ਲਈ ਕਿਸੇ ਵੀ ਕਿਸਮ ਦੀ ਸੇਵਾ ਦੀ ਬੇਨਤੀ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।