ਲੱਖਾਂ ਦੇ ਗਹਿਣੇ ਅਤੇ ਸਾਮਾਨ ਚੋਰੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਅਪਰੈਲ
ਥਾਣਾ ਡਿਵੀਜ਼ਨ ਨੰਬਰ 5 ਦੇ ਇਲਾਕੇ ਵਿੱਚ ਸਥਿਤ ਇੱਕ ਘਰ ਵਿੱਚੋਂ ਅਣਪਛਾਤੇ ਵਿਅਕਤੀ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ ਹਨ ਜਦਕਿ ਇੱਕ ਹੋਰ ਮਾਮਲੇ ਵਿੱਚ ਚੋਰੀ ਦੀ ਨੀਅਤ ਨਾਲ ਘਰ ਵਿੱਚ ਦਾਖ਼ਲ ਹੋਇਆ ਇੱਕ ਵਿਅਕਤੀ ਪਰਿਵਾਰ ਦੀ ਲੜਕੀ ਵੱਲੋਂ ਰੌਲਾ ਪਾਉਣ ’ਤੇ ਭੱਜ ਗਿਆ। ਜਾਣਕਾਰੀ ਮੁਤਾਬਕ ਮੁਹੱਲਾ ਸਿੰਘਪੁਰਾ ਨੇੜੇ ਜਗਰਾਓਂ ਪੁੱਲ ਵਾਸੀ ਸੁਸ਼ੀਲ ਕੁਮਾਰ ਤਿਵਾੜੀ ਦੇ ਘਰ ਰਾਤ ਨੂੰ ਅਣਪਛਾਤੇ ਵਿਅਕਤੀ ਤੀਜੀ ਮੰਜ਼ਿਲ ’ਤੇ ਬਣੇ ਕਮਰੇ ਦਾ ਤਾਲਾ ਤੋੜ ਕੇ ਅਲਮਾਰੀ ਵਿੱਚੋਂ ਤਿੰਨ ਅੰਗੂਠੀਆਂ ਸੋਨਾ, ਇੱਕ ਮੰਗਲਸੂਤਰ, ਦੋ ਜੋੜੇ ਕੰਨ ਦੀਆਂ ਵਾਲੀਆਂ ਸੋਨਾ, ਚਾਰ ਚਾਂਦੀ ਦੀਆਂ ਪਾਇਲਾਂ, ਇੱਕ ਜੋੜਾ ਚਾਂਦੀ ਦਾ ਕੜਾ, ਇੱਕ ਜੋੜਾ ਚਾਂਦੀ ਪੈਰਾਂ ਵਿੱਚ ਪਾਉਣ ਵਾਲੇ ਕੜੇ ਅਤੇ ਇੱਕ ਲੈਪਟਾਪ ਐਪਲ ਚੋਰੀ ਕਰ ਕੇ ਲੈ ਗਏ ਹਨ।
ਥਾਣੇਦਾਰ ਬਲਕਰਨ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਕੂੰਮਕਲਾਂ ਦੇ ਪਿੰਡ ਰਾਏਪੁਰ ਬੇਟ ਵਾਸੀ ਅਮਰਜੀਤ ਕੌਰ ਗੁਆਂਂਢ ਵਿੱਚ ਵਿਆਹ ਦੇ ਪ੍ਰੋਗਰਾਮ ’ਤੇ ਗਈ ਸੀ ਤਾਂ ਗੁਆਂਂਢ ਵਿੱਚ ਰਹਿੰਦਾ ਸੁਖਪ੍ਰੀਤ ਸਿੰਘ ਚੋਰੀ ਕਰਨ ਦੀ ਨੀਅਤ ਨਾਲ ਘਰ ਅੰਦਰ ਆ ਗਿਆ ਤਾਂ ਲੜਕੀ ਜਸ਼ਨਪ੍ਰੀਤ ਕੌਰ (11) ਉੱਠ ਗਈ। ਉਸਨੇ ਰੋਲ਼ਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸੁਖਪ੍ਰੀਤ ਸਿੰਘ ਉਸ ਨਾਲ ਕੁੱਟਮਾਰ ਕਰਨ ਲੱਗ ਪਿਆ। ਰੌਲਾ ਪੈਣ ’ਤੇ ਲੋਕਾਂ ਦਾ ਇਕੱਠ ਹੁੰਦਾ ਦੇਖਕੇ ਉਹ ਭੱਜ ਗਿਆ। ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।