ਆਸ਼ਾ ਵਰਕਰਾਂ ਵੱਲੋਂ ਮਿਨੀ ਸਕੱਤਰੇਤ ਅੱਗੇ ਮੁਜ਼ਾਹਰਾ
ਪੱਤਰ ਪ੍ਰੇਰਕ
ਯਮੁਨਾਨਗਰ, 24 ਮਾਰਚ
ਆਸ਼ਾ ਵਰਕਰਜ਼ ਐਂਡ ਫੈਸੀਲੀਟੇਟਰ ਫੈਡਰੇਸ਼ਨ ਆਫ਼ ਇੰਡੀਆ ਦੇ ਬੈਨਰ ਹੇਠ ਵੱਡੀ ਗਿਣਤੀ ਵਿੱਚ ਆਸ਼ਾ ਵਰਕਰਾਂ ਨੇ ਮਿਨੀ ਸਕੱਤਰੇਤ ਦੇ ਸਾਹਮਣੇ ਇਕੱਠੀਆਂ ਹੋ ਕੇ ਮੰਗਾਂ ਸਬੰਧੀ ਧਰਨਾ ਦਿੱਤਾ। ਉਨ੍ਹਾਂ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਸਰਕਾਰ ਦੇ ਸਿਹਤ ਮੰਤਰੀ ਨੂੰ ਮੰਗ ਪੱਤਰ ਭੇਜਿਆ। ਆਸ਼ਾ ਵਰਕਰ ਜ਼ਿਲ੍ਹਾ ਸਕੱਤਰ ਰਾਜੇਸ਼ ਕੁਮਾਰੀ ਨੇ ਕਿਹਾ ਕਿ ਪੁਰਾਣੀਆਂ ਅਤੇ ਨਵੀਆਂ ਮੰਗਾਂ ਸਬੰਧੀ ਅੱਜ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਸਰਕਾਰ ਦੇ ਸਿਹਤ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਗਾਂ ਵਿੱਚ ਇੱਕ ਸਥਾਈ ਸਿਹਤ ਪ੍ਰੋਗਰਾਮ ਬਣਾਉਣਾ, 45ਵੀਂ ਅਤੇ 46ਵੀਂ ਭਾਰਤੀ ਕਿਰਤ ਕਾਨਫਰੰਸ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨਾ ਅਤੇ ਆਸ਼ਾ ਵਰਕਰਾਂ ਨੂੰ ਬਣਦਾ ਦਰਜਾ ਦੇਣਾ, ਦੇਸ਼ ਭਰ ਵਿੱਚ ਇੱਕੋ ਜਿਹੀ ਤਨਖਾਹ, ਛੇ ਮਹੀਨੇ ਦੀ ਤਨਖਾਹ ਵਾਲੀ ਜਣੇਪਾ ਛੁੱਟੀ, 20 ਦਿਨਾਂ ਦੀ ਆਮ ਛੁੱਟੀ ਅਤੇ ਡਾਕਟਰੀ ਛੁੱਟੀ ਯਕੀਨੀ ਬਣਾਏ ਜਾਣ ਦੀ ਮੰਗ ਦੇ ਨਾਲ ਨਾਲ ਪੈਨਸ਼ਨ ਮਿਲਣ ਤੱਕ ਸੇਵਾਮੁਕਤੀ ਨਾ ਹੋਣਾ ਮੁੱਖ ਮੰਗਾਂ ਹਨ । ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਨੂੰ ਹੋਰ ਅਹੁਦਿਆਂ ’ਤੇ ਸੀਨੀਅਰਤਾ ਦੇ ਆਧਾਰ ’ਤੇ ਤਰੱਕੀ ਯਕੀਨੀ ਬਣਾਈ ਜਾਵੇ, ਸਾਰੇ ਪੀਐੱਚਸੀ, ਸੀਐੱਚਸੀ ਅਤੇ ਹਸਪਤਾਲਾਂ ਵਿੱਚ ਆਸ਼ਾ ਰੈਸਟ ਰੂਮ ਬਣਾਏ ਜਾਣ, ਆਸ਼ਾ ਵਰਕਰਾਂ ਨੂੰ ਸਕੂਟੀਆਂ ਦਿੱਤੀਆਂ ਜਾਣ ਅਤੇ ਡਿਊਟੀ ਲਈ ਯਾਤਰਾ ਖਰਚ ਵੀ ਦਿੱਤਾ ਜਾਣਾ ਚਾਹੀਦਾ ਹੈ।
ਆਸ਼ਾ ਵਰਕਰਾਂ ਨੂੰ ਹਰ ਤਰ੍ਹਾਂ ਦੇ ਔਨਲਾਈਨ ਕੰਮ ਲਈ ਵਾਧੂ ਭੱਤਾ ਦਿੱਤਾ ਜਾਣਾ ਚਾਹੀਦਾ ਹੈ । ਸਰਕਾਰੀ ਸਿਹਤ ਬੁਨਿਆਦੀ ਢਾਂਚੇ ਅਤੇ ਹਸਪਤਾਲਾਂ ਸਣੇ ਹੋਰ ਬੁਨਿਆਦੀ ਸੇਵਾਵਾਂ ਦਾ ਨਿੱਜੀਕਰਨ ਬੰਦ ਕੀਤਾ ਜਾਣਾ ਚਾਹੀਦਾ ਹੈ ਅਤੇ ਸਰਕਾਰੀ ਸਿਹਤ ਢਾਂਚੇ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਜ਼ਿਲ੍ਹਾ ਸਕੱਤਰ ਰਾਜੇਸ਼ ਕੁਮਾਰੀ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ ਸਥਾਈ ਕਰਮਚਾਰੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਆਸ਼ਾ ਅਤੇ ਸੁਵਿਧਾ ਕਰਮਚਾਰੀਆਂ ਨੂੰ ਕਿਰਤ ਕਾਨੂੰਨਾਂ ਦੇ ਦਾਇਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ।