ਫਾਇਰ ਸਟੇਸ਼ਨ ਅਫ਼ਸਰ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ
ਯਮੁਨਾਨਗਰ, 29 ਮਾਰਚ
ਮਿਊਂਸਿਪਲ ਕਰਮਚਾਰੀ ਯੂਨੀਅਨ ਹਰਿਆਣਾ ਸ਼ਾਖਾ ਅਤੇ ਹਰਿਆਣਾ ਫਾਇਰ ਬ੍ਰਿਗੇਡ ਕਰਮਚਾਰੀ ਯੂਨੀਅਨ ਨੇ ਯੂਨਿਟ ਹੈੱਡ ਵੀਰੇਂਦਰ ਧੀਮਾਨ ਦੀ ਪ੍ਰਧਾਨਗੀ ਹੇਠ ਮੁੱਖ ਫਾਇਰ ਸਟੇਸ਼ਨ ‘ਤੇ ਇੱਕ ਗੇਟ ਮੀਟਿੰਗ ਅਤੇ ਧਰਨਾ ਪ੍ਰਦਰਸ਼ਨ ਕੀਤਾ । ਧਰਨੇ ਦੀ ਅਗਵਾਈ ਯੂਨਿਟ ਸਕੱਤਰ ਰਿੰਕੂ ਕੁਮਾਰ ਨੇ ਕੀਤੀ। ਇਸ ਦੌਰਾਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਫਾਇਰ ਸਟੇਸ਼ਨ ਅਫਸਰ ਦੇ ਕਥਿਤ ਗਲਤ ਵਿਵਹਾਰ ਲਈ ਉਸ ਵਿਰੁੱਧ ਨਾਅਰੇਬਾਜ਼ੀ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਪ੍ਰਬੰਧਕ ਗੁਲਸ਼ਨ ਭਾਰਦਵਾਜ ਅਤੇ ਸੰਗਠਨ ਸਕੱਤਰ ਸੰਤੋਸ਼ ਕੁਮਾਰ ਨੇ ਕਿਹਾ ਕਿ ਕਰਮਚਾਰੀ ਨੂੰ ਘਰ ਵਿੱਚ ਸਮੱਸਿਆਵਾਂ ਹੋਣ ਦੇ ਬਾਵਜੂਦ, ਉਸ ਨੂੰ 9 ਦਿਨਾਂ ਲਈ ਮਾਤਾ ਮਨਸਾ ਦੇਵੀ ਦੇ ਮੇਲੇ ਵਿੱਚ ਭੇਜਣਾ ਬੇਇਨਸਾਫ਼ੀ ਹੈ ਜਿਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਕਾਰੀ ਮੀਡੀਆ ਵਿੱਚ ਯੂਨੀਅਨ ਆਗੂਆਂ ਵਿਰੁੱਧ ਬੇਬੁਨਿਆਦ ਬਿਆਨ ਦੇ ਕੇ ਫਾਇਰ ਸਟੇਸ਼ਨਾਂ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਯੂਨੀਅਨ ਆਗੂਆਂ ਨੇ ਅਧਿਕਾਰੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਯੂਨੀਅਨ ਨਾਲ ਟਕਰਾਅ ਦਾ ਰਸਤਾ ਛੱਡ ਕੇ ਗੱਲਬਾਤ ਰਾਹੀਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ, ਨਹੀਂ ਤਾਂ ਪਹਿਲੀ ਅਪਰੈਲ ਤੋਂ ਮੁੱਖ ਫਾਇਰ ਸਟੇਸ਼ਨ ’ਤੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਜੇ ਇਸ ਸਮੇਂ ਦੌਰਾਨ ਵੀ ਕੋਈ ਹੱਲ ਨਾ ਨਿਕਲਿਆ ਤਾਂ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਮੌਕੇ ਅਧਿਆਪਕ ਸੰਘ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਕੰਬੋਜ, ਕੈਸ਼ੀਅਰ ਵਿਜੇਂਦਰ ਸਿੰਘ, ਲੋਕੇਸ਼ ਸ਼ਰਮਾ, ਦੇਸਰਾਜ, ਵਿਸ਼ਾਲ ਰਾਣਾ, ਅੰਕਿਤ ਗੁੱਜਰ, ਵਿਕਰਮ, ਸੁਸ਼ੀਲ ਕੁਮਾਰ, ਰਾਜਕੁਮਾਰ, ਕੁਲਦੀਪ ਸ਼ਰਮਾ, ਨਰਿੰਦਰ ਆਦਿ ਨੇ ਵੀ ਸੰਬੋਧਨ ਕੀਤਾ।