ਗੈਸ ਏਜੰਸੀ ਦਫ਼ਤਰ ਸਣੇ ਅੱਧੀ ਦਰਜਨ ਜਾਇਦਾਦਾਂ ਸੀਲ
ਦਵਿੰਦਰ ਸਿੰਘ
ਯਮੁਨਾਨਗਰ, 29 ਮਾਰਚ
ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਹੈ । ਨਗਰ ਨਿਗਮ ਨੇ ਡੇਢ ਮਹੀਨਾ ਪਹਿਲਾਂ 26 ਡਿਫਾਲਟਰਾਂ ਦੀਆਂ ਜਾਇਦਾਦਾਂ ਸੀਲ ਕਰ ਦਿੱਤੀਆਂ ਸਨ, ਉੱਥੇ ਹੁਣ ਨਿਗਮ ਨੇ ਪ੍ਰਾਪਰਟੀ ਟੈਕਸ ਨਾ ਦੇਣ ਕਾਰਨ ਗੈਸ ਏਜੰਸੀ ਦਫ਼ਤਰ ਸਮੇਤ ਛੇ ਜਾਇਦਾਦਾਂ ਨੂੰ ਸੀਲ ਕਰ ਦਿੱਤਾ ਹੈ । ਇਨ੍ਹਾਂ ਜਾਇਦਾਦ ਮਾਲਕਾਂ ’ਤੇ ਨਿਗਮ ਦਾ 4109556 ਲੱਖ ਰੁਪਏ ਦਾ ਟੈਕਸ ਬਕਾਇਆ ਸੀ । ਇਨ੍ਹਾਂ ਵਿੱਚੋਂ ਪੰਜ ਜਾਇਦਾਦਾਂ ਜਗਾਧਰੀ ਜ਼ੋਨ ਦੀਆਂ ਹਨ ਅਤੇ ਇੱਕ ਜਾਇਦਾਦ ਯਮੁਨਾਨਗਰ ਜ਼ੋਨ ਦੀ ਹੈ । ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਦੀਆਂ ਜਾਇਦਾਦਾਂ ਹੁਣ ਸੀਲ ਕਰ ਦਿੱਤੀਆਂ ਜਾਣਗੀਆਂ । ਸੀਲਿੰਗ ਕਾਰਵਾਈ ਤੋਂ ਬਚਣ ਲਈ, ਜਾਇਦਾਦ ਮਾਲਕਾਂ ਨੂੰ 31 ਮਾਰਚ ਤੋਂ ਪਹਿਲਾਂ ਜਾਇਦਾਦ ਟੈਕਸ ਜਮ੍ਹਾਂ ਕਰਵਾਉਣਾ ਚਾਹੀਦਾ ਹੈ । ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦਫ਼ਤਰ ਟੈਕਸ ਜਮ੍ਹਾਂ ਕਰਵਾਉਣ ਲਈ 31 ਮਾਰਚ ਤੱਕ ਖੁੱਲ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਜਾਇਦਾਦਾਂ ਨੂੰ ਸੀਲ ਕਰਨ ਦੇ ਨਾਲ-ਨਾਲ, ਨਿਗਮ ਨੇ ਉਨ੍ਹਾਂ ’ਤੇ ਇੱਕ ਚਿਤਾਵਨੀ ਨੋਟਿਸ ਵੀ ਚਿਪਕਾਇਆ ਕਿ ਜੇ ਨਗਰ ਨਿਗਮ ਦੀ ਇਜਾਜ਼ਤ ਤੋਂ ਬਿਨਾਂ ਸੀਲ ਨਾਲ ਛੇੜਛਾੜ ਕੀਤੀ ਗਈ ਜਾਂ ਇਸ ਨੂੰ ਖੋਲ੍ਹਣ ਦੀ ਕੋਈ ਕੋਸ਼ਿਸ਼ ਕੀਤੀ ਗਈ, ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।