ਮਾਤਾ ਮਨਸਾ ਦੇਵੀ ਮੇਲਾ ਅੱਜ ਤੋਂ
ਪੀਪੀ ਵਰਮਾ
ਪੰਚਕੂਲਾ, 29 ਮਾਰਚ
ਚੇਤ ਨਵਰਾਤਰੀ ਮੌਕੇ ਮਾਤਾ ਮਨਸਾ ਦੇਵੀ, ਕਾਲੀ ਮਾਤਾ ਮੰਦਰ ਕਾਲਕਾ ਅਤੇ ਚੰਡੀਮੰਦਰ ਵਿੱਚ ਭਲਕੇ ਐਤਵਾਰ ਤੋਂ 6 ਅਪਰੈਲ ਤੱਕ ਮੇਲਾ ਲੱਗੇਗਾ। ਡਿਪਟੀ ਕਮਿਸ਼ਨਰ ਮੋਨਿਕਾ ਗੁਪਤਾ ਨੇ ਮੇਲੇ ਦੇ ਪ੍ਰਬੰਧਾਂ ਲਈ ਡਿਊਟੀ ਮੈਜਿਸਟ੍ਰੇਟਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਇਸ ਮੌਕੇ ਪੌਲੀਥੀਨ ’ਤੇ ਪਾਬੰਦੀ ਲਾਉਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਲਈ ਵਿਸ਼ੇਸ਼ ਬੱਸਾਂ ਚਲਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਨਵਰਾਤਰੀ ਮੇਲੇ ਦੌਰਾਨ ਐਂਬੂਲੈਂਸ ਤੇ ਡਾਕਟਰਾਂ ਦੀ ਟੀਮ ਦੀ ਤਾਇਨਾਤੀ, ਖ਼ੁਰਾਕ ਤੇ ਸਪਲਾਈ ਵਿਭਾਗ ਨੂੰ ਪ੍ਰਸ਼ਾਦ ਵੇਚਣ ਵਾਲੇ ਦੁਕਾਨਦਾਰਾਂ ’ਤੇ ਵਿਸ਼ੇਸ਼ ਨਜ਼ਰ ਰੱਖਣ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਹਰਿਆਣਾ ਰੋਡਵੇਜ਼ ਦੇ ਮੈਨੇਜਰ ਨੂੰ ਸ਼ਰਧਾਲੂਆਂ ਦੀ ਸਹੂਲਤ ਲਈ ਮੇਲੇ ਦੌਰਾਨ ਪੰਜ ਮਿਨੀ ਬੱਸਾਂ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨਗਰ ਨਿਗਮ ਪੰਚਕੂਲਾ ਤੇ ਨਗਰ ਪਰਿਸ਼ਦ ਕਾਲਕਾ ਨੂੰ ਮਾਤਾ ਮਨਸਾ ਦੇਵੀ ਤੇ ਕਾਲੀ ਮਾਤਾ ਮੰਦਰ ਕਾਲਕਾ ਦੀ ਸਫ਼ਾਈ ਦੇ ਪ੍ਰਬੰਧ ਕਰਨ ਤੇ ਲੋੜੀਂਦੀ ਗਿਣਤੀ ’ਚ ਮੋਬਾਈਲ ਪਖਾਨਿਆਂ ਦਾ ਪ੍ਰਬੰਧ ਕਰਨ ਤੇ ਪੀਡਬਲਿਊਡੀ ਬੀਐਂਡਆਰ ਨੂੰ ਸੜਕਾਂ ਦੀ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੇਲੇ ’ਚ ਪੌਲੀਥੀਨ ’ਤੇ ਪੂਰਨ ਪਾਬੰਦੀ ਲਗਾਈ ਜਾਵੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਮੇਲੇ ਦੌਰਾਨ ਸ਼ਰਧਾਲੂਆਂ ਨੂੰ ਮਾਂ ਦੁਰਗਾ ਦੇ ਦਰਸ਼ਨ ਕਰਨ ’ਚ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਨੇ ਪਹਿਲੀ ਸ਼ਿਫਟ ’ਚ ਡੀਐੱਸਡਬਲਿਊ ਵਿਸ਼ਾਲ ਸੈਣੀ, ਜ਼ਿਲ੍ਹਾ ਬਾਗ਼ਬਾਨੀ ਅਧਿਕਾਰੀ ਅਸ਼ੋਕ ਕੁਮਾਰ, ਜੀਐੱਮ ਹਰਿਆਣਾ ਰੋਡਵੇਜ਼ ਸੁਖਦੇਵ ਸਿੰਘ, ਲਲਿਤ ਐਕਸੀਅਨ, ਕਾਰਜਕਾਰੀ ਇੰਜਨੀਅਰ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ-2 ਐੱਨ ਕੇ ਪਾਇਲ, ਐੱਚਵੀਪੀਐੱਨਐੱਲ ਨਰਿੰਦਰ ਅਟਵਾਲ, ਮਨੋਜ ਕੁਮਾਰ ਆਦਿ ਨੂੰ ਤਾਇਨਾਤ ਕੀਤਾ ਹੈ।