ਆਰੀਆ ਕੰਨਿਆ ਕਾਲਜ ’ਚ ਖੇਡ ਮੁਕਾਬਲੇ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 2 ਅਪਰੈਲ
ਆਰੀਆ ਕੰਨਿਆ ਕਾਲਜ ਦੇ ਸਿਹਤ ਤੇ ਸਰੀਰਕ ਸਿਖਿਆ ਵਿਭਾਗ ਦੀ ਮੈਰੀਕਾਮ ਐਸੋਸੀਏਸ਼ਨ ਵੱਲੋਂ ਖੋ-ਖੋ ਤੇ ਨਿੰਬੂ ਦੌੜ ਮੁਕਾਬਲੇ ਕਰਵਾਏ ਗਏ। ਮੁਕਬਲਿਆਂ ਦੀ ਸ਼ੁਰੂਆਤ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੂੰ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਿੱਟ ਇੰਡੀਆ ਮੂਵਮੈਂਟ ਨੂੰ ਸ਼ਾਨਦਾਰ ਪਹਿਲਕਦਮੀ ਦੱਸਿਅ। ਇਸ ਦੌਰਾਨ ਖੋ-ਖੋ ਮੁਕਾਬਲਿਆਂ ਵਿੱਚ ਬੀਏ ਦੀਆਂ ਵਿਦਿਆਰਥਣਾਂ ਨੇ 6 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਬੀਏ ਤੀਜਾ ਸਾਲ ਦੀਆਂ ਵਿਦਿਆਰਥਣਾਂ ਨੇ 4 ਅੰਕ ਲੈ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਨਿੰਬੂ ਦੌੜ ਵਿੱਚ ਬੀਏ ਸਾਲ ਪਹਿਲਾ ਦੀ ਵਿਦਿਆਰਥਣ ਸੁਮਨ ਨੇ ਪਹਿਲਾ, ਮਹਿਕ ਨੇ ਦੂਜਾ ਤੇ ਸ਼ਾਇਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਿਹਤ ਤੇ ਸਰੀਰਕ ਸਿਖਿਆ ਵਿਭਾਗ ਦੀ ਮੁਖੀ ਡਾ. ਸੋਨੀਆ ਮਲਿਕ ਨੇ ਆਪਣੀ ਖੇਡ ਕਮੇਟੀ ਦੇ ਮੈਂਬਰਾਂ, ਸੰਜੁਲ ਗੁਪਤਾ, ਡਾ. ਭਾਰਤੀ ਸ਼ਰਮਾ, ਡਾ. ਸਵਰਿਤੀ ਸ਼ਰਮਾ, ਨਵਨੀਤ ਕੌਰ, ਨਮਰਤਾ ਸ਼ਰਮਾ, ਪ੍ਰਿਆ ਸ਼ਰਮਾ ਤੇ ਗੈਰ ਅਧਿਆਪਨ ਸਟਾਫ ਰਾਜੇਸ਼ ਅਨੰਦ, ਵੈਭਵ, ਰੋਸ਼ਨ, ਹਰਬੰਸ ਤੇ ਕਪਿਲ ਦਾ ਮੁਕਾਬਲਿਆਂ ਲਈ ਸਹਿਯੋਗ ਦੇਣ ’ਤੇ ਧੰਨਵਾਦ ਕੀਤਾ ਗਿਆ।
ਆਧੁਨਿਕ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਸ਼ੈਲੀਆਂ ’ਤੇ ਭਾਸ਼ਣ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਆਰੀਆ ਕੰਨਿਆ ਕਾਲਜ ਵਿੱਚ ਅੱਜ ਪੰਜਾਬੀ ਵਿਭਾਗ ਵੱਲੋਂ ਕਾਲਜ ਦੇ ਪੰਜਾਬੀ ਵਿਭਾਗ ਦੀ ਮੁਖੀ ਡਾ. ਸਿਮਰਜੀਤ ਕੌਰ ਦੀ ਅਗਵਾਈ ਹੇਠ ਕਾਲਜ ਦੇ ਆਡੀਟੋਰੀਅਮ ਵਿੱਚ ਭਾਸ਼ਣ ਕਰਵਾਇਆ ਗਿਆ। ਇਸ ਦਾ ਵਿਸ਼ਾ ‘ਆਧੁਨਿਕ ਪੰਜਾਬੀ ਸਾਹਿਤ ਦੀਆਂ ਵੱਖ ਵੱਖ ਸ਼ੈਲੀਆਂ’ ਸੀ। ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਡਾ. ਹਰਸਿਮਰਨ ਸਿੰਘ ਰੰਧਾਵਾ ਸਾਬਕਾ ਮੁਖੀ ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕੀਤਾ। ਕਾਲਜ ਦੀ ਪੰਜਾਬੀ ਵਿਭਾਗ ਦੀ ਮੁਖੀ ਡਾ. ਸਿਮਰਜੀਤ ਕੌਰ ਨੇ ਵਿਦਿਆਰਥਣਾਂ ਨਾਲ ਮੁੱਖ ਬੁਲਾਰੇ ਦੀ ਜਾਣ ਪਛਾਣ ਕਰਾਈ। ਮੁੱਖ ਬੁਲਾਰੇ ਨੇ ਕਿਹਾ ਕਿ ਸਾਹਿਤ ਕਲਾ ਦੇ ਹੋਰ ਰੂਪਾਂ ਵਿੱਚੋਂ ਸਭ ਤੋਂ ਸਮਰੱਥ ਤੇ ਸ਼ਕਤਸ਼ਾਲੀ ਕਲਾ ਹੈ। ਸਾਹਿਤ ਦੀ ਦੁਨੀਆ ਇਕ ਦ੍ਰਿੜ ਦੁਨੀਆ ਹੈ। ਸਾਹਿਤ ਵਿੱਚ ਭਾਵਨਾਵਾਂ ਨੂੰ ਪੇਸ਼ ਕਰਨ ਦੇ ਤਿੰਨ ਤਰੀਕੇ ਹਨ ,ਕਵਿਤਾ, ਬਿਰਤਾਂਤ ਤੇ ਨਾਟਕ ਜਿਸ ਦੇ ਤਹਿਤ ਬਹੁਤ ਸਾਰੇ ਸਾਹਿਤਕ ਰੂਪਾਂ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹਨ। ਪ੍ਰੋਗਰਾਮ ਵਿਚ 114 ਵਿਦਿਆਰਥਣਾਂ ਨੇ ਹਿੱਸਾ ਲਿਆ।