ਆਯੂਸ਼ਮਾਨ ਖੁਰਾਣਾ ਬਣੇ ‘ਫਿਟ ਇੰਡੀਆ ਆਇਕਨ’
ਨਵੀਂ ਦਿੱਲੀ: ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਨਵੀਂ ਦਿੱਲੀ ਵਿੱਚ ਸਮਾਰੋਹ ਦੌਰਾਨ ਅਦਾਕਾਰ ਆਯੂਸ਼ਮਾਨ ਖੁਰਾਣਾ ਨੂੰ ਅਧਿਕਾਰਤ ਤੌਰ ’ਤੇ ‘ਫਿਟ ਇੰਡੀਆ ਆਇਕਨ’ ਘੋਸ਼ਿਤ ਕੀਤਾ। ਅਦਾਕਾਰ ਖੁਰਾਣਾ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਫਿਟ ਇੰਡੀਆ’ ਮੁਹਿੰਮ ਨਾਲ ਜੁੜ ਗਏ ਹਨ, ਜਿਸ ਦਾ ਉਦੇਸ਼ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਮੁਹਿੰਮ ਦਾ ਮਕਸਦ ਵੱਖ-ਵੱਖ ਗਤੀਵਿਧੀਆਂ ਅਤੇ ਸਮਾਗਮਾਂ ਨਾਲ ਲੋਕਾਂ ਨੂੰ ਤੰਦਰੁਸਤੀ ਬਾਰੇ ਜਾਗਰੂਕ ਕਰਨਾ ਹੈ। ਇਸ ਮੁਹਿੰਮ ਦਾ ਮੁੱਖ ਟੀਚਾ ਤੰਦਰੁਸਤੀ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਸੁਖਾਲਾ ਅਤੇ ਸਹਿਜ ਬਣਾਉਣਾ ਹੈ, ਤਾਂ ਜੋ ਲੋਕ ਇਸ ਨੂੰ ਆਪਣੀ ਨਿੱਤ ਦੀ ਜ਼ਿੰਦਗੀ ਵਿੱਚ ਅਸਾਨੀ ਨਾਲ ਸ਼ਾਮਲ ਕਰ ਸਕਣ। ਖੁਰਾਣਾ ਨੇ ਕਿਹਾ ਕਿ ਜਦੋਂ ਤੁਹਾਡੀ ਸਿਹਤ ਤੰਦਰੁਸਤ ਹੁੰਦੀ ਹੈ ਤਾਂ ਜੀਵਨ ਦੀਆਂ ਵਿਅਕਤੀਗਤ ਅਤੇ ਪੇਸ਼ੇਵਰ ਚੁਣੌਤੀਆਂ ਵੀ ਸੌਖੀਆਂ ਲਗਦੀਆਂ ਹਨ। ਜਦੋਂ ਸਿਹਤ ਖਰਾਬ ਹੁੰਦੀ ਹੈ ਤਾਂ ਉਹੀ ਸਭ ਤੋਂ ਵੱਡੀ ਚੁਣੌਤੀ ਬਣ ਜਾਂਦੀ ਹੈ। ਸਿਹਤਮੰਦ ਵਿਅਕਤੀ ਹਿੰਮਤ ਅਤੇ ਆਤਮਵਿਸ਼ਵਾਸ ਨਾਲ ਭਰਿਆ ਹੁੰਦਾ ਹੈ। ਇਸ ਦੌਰਾਨ ਖੇਡ ਮੰਤਰੀ ਮਾਂਡਵੀਆ ਨੇ ਖੁਰਾਣਾ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਤੁਹਾਡੇ ਵਰਗੇ ਉੱਘੇ ਅਦਾਕਾਰ ਇਸ ਮੰਚ ’ਤੇ ਆ ਕੇ ਫਿਟ ਇੰਡੀਆ ਲਈ ਸਕਾਰਾਤਮਕ ਸੰਦੇਸ਼ ਦਿੰਦੇ ਹਨ ਤਾਂ ਇਸ ਨਾਲ ਲੱਖਾਂ ਨੌਜਵਾਨ ਪ੍ਰੇਰਿਤ ਹੁੰਦੇ ਹਨ ਅਤੇ ‘ਫਿਟ ਇੰਡੀਆ’ ਮੁਹਿੰਮ ਨਾਲ ਜੁੜ ਕੇ ਆਪੋ ਆਪਣੀ ਸਿਹਤ ਦਾ ਧਿਆਨ ਰੱਖਦੇ ਹਨ। ਆਯੂਸ਼ਮਾਨ ਖੁਰਾਣਾ ਦੀ ਹਾਲ ਹੀ ਵਿੱਚ ਫਿਲਮ ‘ਡਰੀਮ ਗਰਲ-2’ ਆਈ ਸੀ, ਜਿਸ ਦਾ ਨਿਰਦੇਸ਼ਨ ਰਾਜ ਸ਼ਾਂਡਲਿਆ ਨੇ ਦਿੱਤਾ ਸੀ। -ਪੀਟੀਆਈ